ਮੁੰਬਈ: ਅਦਾਕਾਰਾ ਕੰਗਨਾ ਰਨੌਤ ਵੱਲੋਂ ਮੁੰਬਈ ਦੀ ਤੁਲਨਾ ਪਾਕਿ ਮਕਬੂਜ਼ਾ ਕਸ਼ਮੀਰ (ਪੀਓਕੇ) ਨਾਲ ਕੀਤੇ ਜਾਣ ’ਤੇ ਮਹਾਰਾਸ਼ਟਰ ’ਚ ਹਾਕਮ ਗੱਠਜੋੜ ਦੇ ਆਗੂਆਂ ਨੇ ਊਸ ਦੀ ਨਿਖੇਧੀ ਕੀਤੀ ਹੈ। ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਜਿਹੜੇ ਲੋਕ ਸ਼ਹਿਰ ’ਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ, ਊਨ੍ਹਾਂ ਨੂੰ ਇਥੇ ਰਹਿਣ ਦਾ ਕੋਈ ਹੱਕ ਨਹੀਂ ਹੈ। ਵਿਰੋਧੀ ਧਿਰ ਭਾਜਪਾ ਨੇ ਅਦਾਕਾਰਾ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਊਹ ਮੁੰਬਈ ਪੁਲੀਸ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰੇ। ਕਾਂਗਰਸ ਤਰਜਮਾਨ ਸਚਿਨ ਸਾਵੰਤ ਨੇ ਕਿਹਾ ਕਿ ਕੰਗਨਾ ਭਾਜਪਾ ਨਾਲ ਮਿਲ ਕੇ ਗੱਠਜੋੜ ਸਰਕਾਰ ਨੂੰ ਬਦਨਾਮ ਕਰ ਰਹੀ ਹੈ। ਊਧਰ ਥਾਣੇ ’ਚ ਸ਼ਿਵ ਸੈਨਾ ਦੇ ਮਹਿਲਾ ਵਿੰਗ ਵੱਲੋਂ ਕੰਗਨਾ ਰਨੌਤ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। -ਪੀਟੀਆਈ