ਮੁੰਬਈ: ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ’ਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਗੁਰੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਦੋਂ ਦੁਨੀਆਂ ਤੋਂ ਉਸ ਦਾ ਮੋਹ ਭੰਗ ਹੋ ਗਿਆ ਸੀ ਤਾਂ ਉਨ੍ਹਾਂ ਨੇ ਉਸ ਨੂੰ ਇੱਕ ਮਕਸਦ ਦਿੱਤਾ। ਕੰਗਨਾ ਨੇ ਅੱਜ ਟਵਿੱਟਰ ’ਤੇ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਿਵੇਂ ਉਨ੍ਹਾਂ ਦੀਆਂ ਸਿੱਖਿਆਵਾਂ ਨੇ ਉਸ ਦੀ ਮਦਦ ਕੀਤੀ, ਜਦੋਂ ਉਸ ਨੂੰ ਕੋਈ ਉਮੀਦ ਨਹੀਂ ਸੀ। ਕੰਗਨਾ ਨੇ ਲਿਖਿਆ, ‘‘ਜਦੋਂ ਮੈਂ ਗੁਆਚੀ ਤੁਸੀਂ ਮੈਨੂੰ ਲੱਭਿਆ, ਜਦੋਂ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਤੁਸੀਂ ਮੇਰਾ ਹੱਥ ਫੜਿਆ, ਜਦੋਂ ਮੈਂ ਦੁਨੀਆਂ ਤੋਂ ਨਿਰਾਸ਼ ਹੋਈ ਅਤੇ ਮੇਰੇ ਕੋਲ ਕੋਈ ਉਮੀਦ ਨਹੀਂ ਸੀ ਤੁਸੀਂ ਮੈਨੂੰ ਮਕਸਦ ਦਿੱਤਾ। ਤੁਹਾਡੇ ਤੋਂ ਉੱਤੇ ਕੋਈ ਨਹੀਂ ਹੈ ਮੇਰੇ ਗੁਰੂ, ਤੁਸੀਂ ਮੇਰੇ ਵਜੂਦ ਦਾ ਹਿੱਸਾ ਹੋ… #ਨੈਸ਼ਨਲਯੂਥਡੇਅ#ਸਵਾਮੀ ਵਿਵੇਕਾਨੰਦਜੈਅੰਤੀ।’’ ਇਸ ਤੋਂ ਪਹਿਲਾ ਅਦਾਕਾਰਾ ਨੇ ਆਪਣੇ ਖ਼ਿਲਾਫ਼ ਵਧ ਰਹੇ ਕੇਸਾਂ ਬਾਰੇ ਨਾਰਾਜ਼ਗੀ ਜਾਹਰ ਕੀਤੀ ਸੀ। ਇਸੇ ਦੌਰਾਨ ਕੰਗਨਾ ਨੇ ਆਪਣੀ ਅਗਲੀ ਫ਼ਿਲਮ ‘ਧਾਕੜ’ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹ ਫ਼ਿਲਮ ‘ਤਲਾਇਵੀ’ ਅਤੇ ‘ਤੇਜਸ’ ਵਿੱਚ ਵੀ ਨਜ਼ਰ ਆਵੇਗੀ।
-ਆਈਏਐੱਨਐੱਸ