ਮੁੰਬਈ, 8 ਜਨਵਰੀ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇਸ਼ ਧ੍ਰੋਹ ਤੇ ਹੋਰ ਦੋਸ਼ਾਂ ਨਾਲ ਜੁੜੇ ਕੇਸ ਵਿੱਚ ਆਪਣਾ ਬਿਆਨ ਦਰਜ ਕਰਾਉਣ ਲਈ ਸ਼ੁੱਕਰਵਾਰ ਨੂੰ ਮੁੰਬਈ ਦੇ ਬਾਂਦਰਾ ਥਾਣੇ ਪਹੁੰਚੀ। ਸੀਆਰਪੀਐੱਫ ਦੇ ਜਵਾਨਾਂ ਦੀ ‘ਵਾਈ ਪਲੱਸ’ ਸ੍ਰੇਣੀ ਦੀ ਸੁਰੱਖਿਆ ਤੇ ਆਪਣੇ ਵਕੀਲ ਨਾਲ ਅਦਾਕਾਰਾ ਬਾਅਦ ਦੁਪਹਿਰ ਇੱਕ ਵਜੇ ਦੇ ਕਰੀਬ ਮੁੰਬਈ ਦੇ ਉਪਨਗਰ ਸਥਿਤ ਥਾਣੇ ਪਹੁੰਚੀ। ਅਧਿਕਾਰੀ ਨੇ ਕਿਹਾ ਕਿ ਬਾਂਦਰਾ ਪੁਲੀਸ ਨੇ ਸਮਾਜ ਵਿੱਚ ਨਫ਼ਰਤ ਫੈਲਾਉਣ ਦੇ ਦੋਸ਼ ਵਿੱਚ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਵਿਰੁੱਧ ਬੀਤੇ ਸਾਲ ਅਕਤੂਬਰ ਵਿੱਚ ਕੇਸ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੇ ਕਿਹਾ ਕਿ ਉਸ ਨੂੰ ਮਾਨਸਿਕ ਤੇ ਜਿਸਮਾਨੀ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਸ ਨੂੰ ਪ੍ਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਦਾਕਾਰਾ ਨੇ ਆਪਣੇ ਵੈਰੀਫਾਈ ਟਵਿੱਟਰ ਅਕਾਊਂਟ ’ਤੇ ਲਿਖਿਆ ਹੈ ਕਿ ਉਸ ਨੂੰ ਰੋਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੇ ਹਮੇਸ਼ਾਂ ਦੇਸ਼ ਦੀਆਂ ਔਰਤਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਪ੍ਰੇਸ਼ਾਨ ਕੀਤਾ ਹੈ। ਕੰਗਨਾ ਰਣੌਤ ਇਸ ਵੀਡੀਓ ਵਿੱਚ ਹਿੰਦੀ ਵਿੱਚ ਕਹਿੰਦੀ ਹੈ ਕਿ ਜਦੋਂ ਤੋਂ ਮੈਂ ਦੇਸ਼ ਦੇ ਹਿੱਤ ਵਿੱਚ ਗੱਲ ਕੀਤੀ ਹੈ, ਮੇਰੇ ’ਤੇ ਅੱਤਿਆਚਾਰ ਹੋ ਰਿਹਾ ਹੈ, ਮੇਰਾ ਸੋਸ਼ਣ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁੱਝ ਦੇਸ਼ ਦੇਖ ਰਿਹਾ ਹੈ। ਉਸ ਨੇ ਕਿਹਾ ਕਿ ਗੈਰਕਾਨੂੰਨੀ ਤਰੀਕੇ ਨਾਲ ਉਸ ਦਾ ਘਰ ਤੋੜ ਦਿੱਤਾ ਗਿਆ ਹੈ। ਕਿਸਾਨਾਂ ਦੇ ਹਿੱਤ ਵਿੱਚ ਗੱਲ ਕਰਨ ਲਈ ਪਤਾ ਨਹੀਂ ਹਰ ਦਿਨ ਉਸ ’ਤੇ ਕਿੰਨੇ ਕੇਸ ਪਾਏ ਜਾ ਰਹੇ ਹਨ। ਇੱਥੋਂ ਤੱਕ ਕਿ ਉਸ ’ਤੇ ਹੱਸਣ ਲਈ ਵੀ ਕੇਸ ਕੀਤਾ ਹੋਇਆ ਹੈ। ਕੰਗਨਾ ਨੇ ਅੱਗੇ ਕਿਹਾ ਕਿ ਮੇਰੀ ਭੈਣ ਰੰਗੋਲੀ ਚੰਦੇਲ ਜਿਸ ਨੇ ਕਰੋਨਾ ਦੌਰਾਨ ਡਾਕਟਰਾਂ ’ਤੇ ਹੋਏ ਅੱਤਿਆਚਾਰ ਖ਼ਿਲਾਫ ਆਵਾਜ਼ ਚੁੱਕੀ ਸੀ, ਉਸ ਕੇਸ ਵਿੱਚ ਵੀ ਉਸ ਦਾ ਨਾਮ ਪਾ ਦਿੱਤਾ ਗਿਆ ਹੈ। ਉਸ ਸਮੇਂ ਉਹ ਟਵਿੱਟਰ ’ਤੇ ਵੀ ਨਹੀਂ ਸੀ। ਅਜਿਹਾ ਹੁੰਦਾ ਨਹੀਂ ਪਰ ਅਜਿਹਾ ਕੀਤਾ ਗਿਆ ਹੈ। ਇਸ ਵੀਡੀਓ ਨੂੰ ਟਵੀਟ ਕਰਨ ਮੌਕੇ ਕੰਗਨਾ ਰਣੌਤ ਨੇ ਆਪਣੇ ਪ੍ਰਸੰਸਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ। ਉਸ ਨੇ ਲਿਖਿਆ ਹੈ,‘ ਮੇਰਾ ਮਾਨਸਿਕ, ਭਾਵਨਾਤਮਕ ਅਤੇ ਹੁਣ ਸਰੀਰਿਕ ਅੱਤਿਆਚਾਰ ਕਿਉਂ ਕੀਤਾ ਜਾ ਰਿਹਾ ਹੈ? ਮੈਂ ਦੇਸ਼ ਤੋਂ ਇਹ ਸਵਾਲ ਪੁੱਛਦੀ ਹਾਂ, ਮੈਂ ਤੁਹਾਡੇ ਲਈ ਖੜ੍ਹੀ ਰਹੀ, ਹੁਣ ਤੁਹਾਡਾ ਸਮਾਂ ਮੇਰੇ ਲਈ ਖੜ੍ਹੇ ਹੋਣ ਦਾ ਹੈ….ਜੈ ਹਿੰਦ।’
-ਆਈਏਐੱਨਐੱਸ