ਨਵੀਂ ਦਿੱਲੀ, 22 ਮਈ
ਭਾਰਤੀ ਜਨਤਾ ਪਾਰਟੀ ਨੇ ਅੱਜ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵੱਲੋਂ ਕਰੋਨਾਵਾਇਰਸ ਦੀ ਕਿਸਮ ਨੂੰ ਭਾਰਤ ਨਾਲ ਜੋੜੇ ਜਾਣ ਦੀ ਨਿੰਦਾ ਕੀਤੀ ਅਤੇ ਦੋਸ਼ ਲਾਇਆ ਕਿ ਕਾਂਗਰਸ ਲਗਾਤਾਰ ਅਜਿਹੇ ਬਿਆਨ ਦੇ ਰਹੀ ਹੈ ਜਿਸ ਨਾਲ ਦੇਸ਼ ਦੀ ਬੇਇੱਜ਼ਤੀ ਹੋ ਰਹੀ ਹੈ ਅਤੇ ਕੋਵਿਡ-19 ਖ਼ਿਲਾਫ਼ ਲੜਾਈ ਕਮਜ਼ੋਰ ਹੋ ਰਹੀ ਹੈ।
ਭਾਜਪਾ ਦੇ ਸੀਨੀਅਰ ਨੇਤਾ ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਜ਼ਿੰਮੇਵਾਰ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾਅ ਰਹੀ ਅਤੇ ਇਸ ਦੀ ਥਾਂ ਨਕਾਰਾਤਮਕ ਸਿਆਸਤ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਮਲਨਾਥ ਨੇ ਗੱਲਬਾਤ ਦੌਰਾਨ ‘ਭਾਰਤੀ ਕਰੋਨਾ’ ਸ਼ਬਦ ਦੀ ਵਰਤੋਂ ਕੀਤੀ ਅਤੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਸਪੱਸ਼ਟ ਕੀਤਾ ਹੈ ਕਿ ਵਾਇਰਸ ਦੀ ਕਿਸੇ ਵੀ ਕਿਸਮ ਨੂੰ ਕਿਸੇ ਦੇਸ਼ ਦੇ ਨਾਂ ਨਾਲ ਨਹੀਂ ਜੋੜਿਆ ਜਾਵੇਗਾ। ਜਾਵੜੇਕਰ ਨੇ ਕਿਹਾ, ‘ਉਹ (ਕਮਲਨਾਥ) ਇੱਥੇ ਹੀ ਨਹੀਂ ਰੁਕੇ ਅਤੇ ਕਿਹਾ ਕਿ ਸਾਡੀ ਪਛਾਣ ਮੇਰਾ ਭਾਰਤੀ ਕੋਵਿਡ ਹੈ। ਇਹ ਭਾਰਤ ਦੀ ਬੇਇੱਜ਼ਤੀ ਹੈ। ਕਾਂਗਰਸ ਦੇ ਕਈ ਨੇਤਾ ਅਜਿਹੇ ਬਿਆਨ ਦੇ ਰਹੇ ਹਨ। ਕਈ ਨੇਤਾਵਾਂ ਨੇ ਕਿਹਾ ਹੈ ਕਿ ਇਹ ਭਾਰਤੀ ਕਿਸਮ ਹੈ।’
-ਪੀਟੀਆਈ