ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਆਕਸੀਜਨ ਕੰਸਨਟਰੇਟਰ ਕੇਸ ਵਿਚ ਕਾਰੋਬਾਰੀ ਨਵਨੀਤ ਕਾਲੜਾ ਨੂੰ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਾਲੜਾ ’ਤੇ ਆਕਸੀਜਨ ਕੰਸਨਟਰੇਟਰ ਦੀ ਕਾਲਾਬਾਜ਼ਾਰੀ ਦਾ ਦੋਸ਼ ਹੈ। ਕਾਲੜਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੱਗੇ ਰੱਖੀ ਗਈ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਇਸ ਅਰਜ਼ੀ ਨੂੰ ਸਬੰਧਤ ਅਦਾਲਤ ਵਿਚ ਭੇਜਣ ਬਾਰੇ ਫ਼ੈਸਲਾ ਲਏਗਾ। ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਅਧਿਕਾਰ ਖੇਤਰ ਬਾਰੇ ਹਾਲੇ ਕੁਝ ਸਪੱਸ਼ਟ ਨਹੀਂ ਹੈ ਤੇ ਇਸ ਬਾਰੇ ਆਖ਼ਰੀ ਫ਼ੈਸਲਾ ਅਦਾਲਤ ਲਏਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਮਾਰੇ ਗਏ ਛਾਪੇ ਵਿਚ ਕਾਲੜਾ ਦੇ ਤਿੰਨ ਰੈਸਟੋਰੈਂਟਾਂ ਵਿਚੋਂ 524 ਕੰਸਨਟਰੇਟਰ ਮਿਲੇ ਸਨ। -ਪੀਟੀਆਈ