ਲਖਨਊ, 5 ਦਸੰਬਰ
ਆਗਾਮੀ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਉਂਦਿਆਂ ਸਮਾਜਵਾਦੀ ਪਾਰਟੀ ਨੇ ਆਪਣੇ ‘ਵਿਜੈ ਯਾਤਰਾ’ ਰੱਥ ਵਿੱਚ ਸਾਬਕਾ ਰਾਸ਼ਟਰਪਤੀ ਮਰਹੂਮ ਏਪੀਜੇ ਅਬਦੁਲ ਕਲਾਮ ਨੂੰ ਵੀ ਥਾਂ ਦਿੱਤੀ ਹੈ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ‘ਸਮਾਜਵਾਦੀ ਵਿਜੈ ਯਾਤਰਾ’ ਰੱਥ ਵਿੱਚ ‘ਮਿਜ਼ਾਈਲ ਮੈਨ’ ਕਲਾਮ ਦੇ ਨਾਲ ਸਰਦਾਰ ਵੱਲਭ ਭਾਈ ਪਟੇਲ ਅਤੇ ਹੋਰ ਸਮਾਜਵਾਦੀ ਆਗੂਆਂ ਦੀਆਂ ਤਸਵੀਰਾਂ ਰੱਖੀਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਰੱਥ ਵਿੱਚ ਸਮਾਜਵਾਦੀ ਨੇਤਾ ਰਹੇ ਅਚਾਰੀਆ ਨਰੇਂਦਰ ਦੇਵ, ਰਾਮ ਮਨੋਹਰ ਲੋਹੀਆ ਅਤੇ ਬਾਬਾਸਾਹਿਬ ਭੀਮਰਾਓ ਅੰਬੇਦਕਰ ਦੀਆਂ ਤਸਵੀਰਾਂ ਵੀ ਸੁਸ਼ੋਭਿਤ ਹਨ। ਚੋਣਾਂ ਦੌਰਾਨ ਸਾਬਕਾ ਰਾਸ਼ਟਰਪਤੀ ਦੀ ਤਸਵੀਰ ਦੀ ਵਰਤੋਂ ਕਰਨਾ ਅਸਾਧਾਰਨ ਲੱਗ ਸਕਦਾ ਹੈ, ਪਰ ਸਮਾਜਵਾਦੀ ਪਾਰਟੀ ਆਗੂਆਂ ਨੇ ਇਸ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਪਾਰਟੀ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੇ ਸਾਲ 2002 ਵਿੱਚ ਸਭ ਤੋਂ ਪਹਿਲਾਂ ਕਲਾਮ ਦੇ ਰਾਸ਼ਟਰਪਤੀ ਅਹੁਦੇ ਲਈ ਨਾਮ ਦੀ ਤਜਵੀਜ਼ ਰੱਖੀ ਸੀ। -ਪੀਟੀਆਈ