ਨਵੀਂ ਦਿੱਲੀ (ਪੱਤਰ ਪ੍ਰੇਰਕ): ਕਿਸਾਨੀ ਸੰਘਰਸ਼ ਦੇ ਸੱਤਵੇਂ ਦਿਨ ਪੰਜਾਬ ਨਾਲ ਸਬੰਧਤ ਦਰਜਨਾਂ ਮਹਿਲਾ ਕਬੱਡੀ ਖਿਡਾਰੀ, ਪਹਿਲਵਾਨ ਪ੍ਰਦੀਪ ਕੁਮਾਰ ਤੇ ਗਾਇਕ ਰਵਿੰਦਰ ਗਰੇਵਾਲ ਰੋਸ ਪ੍ਰਦਰਸ਼ਨਾਂ ਦਾ ਹਿੱਸਾ ਬਣੇ। ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਦਿੱਲੀ ਚੰਡੀਗੜ੍ਹ ਰੂਟ ’ਤੇ ਸਿੰਘੂ ਸਰਹੱਦ ’ਤੇ ਭਾਰਤੀ ਕਿਸਾਨ ਯੂਨੀਅਨ ਤੇ ਹੋਰਨਾਂ ਕਿਸਾਨ ਯੂਨੀਅਨਾਂ ਵੱਲੋਂ ਲਾਏ ਧਰਨੇ ’ਚ ਸ਼ਿਰਕਤ ਕੀਤੀ। ਗਾਇਕ ਨੇ ਕਿਹਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ ਰਹੀਆਂ ਹਨ ਤੇ ਉਹ ਘੋੜਿਆਂ ਦੀਆਂ ਕਾਠੀਆਂ ਉਪਰ ਵਾਸ ਕਰਕੇ ਵੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਇਸ ਲਈ ਕੇਂਦਰ ਸਰਕਾਰ ਕਿਸਾਨਾਂ ਨਾਲ ਖੇਡ ਨਾ ਕਰੇ। ਧਰਨੇ ਵਿੱਚ ਸ਼ਾਮਲ ਪੰਜਾਬ ਦੀਆਂ ਦਸ ਮਹਿਲਾ ਕਬੱਡੀ ਖਿਡਾਰੀਆਂ ਦੀ ਟੀਮ ਕਪਤਾਨ ਸੁਰਜੀਤ ਕੌਰ ਨੇ ਕਿਹਾ, ‘ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਰੋਸ ਮੁਜ਼ਾਹਰਿਆਂ ਦਾ (ਸਰਕਾਰ ’ਤੇ) ਲੋੜੀਂਦਾ ਅਸਰ ਨਾ ਹੋਣ ਕਰਕੇ ਕਿਸਾਨਾਂ ਨੇ ਦਿੱਲੀ ਦਾ ਰੁਖ਼ ਕੀਤਾ ਹੈ। ਖੇਡਾਂ ਦਾ ਵਿਕਾਸ ਕਿਸਾਨਾਂ ਦੇ ਵਿਕਾਸ ’ਤੇ ਮੁਨੱਸਰ ਹੈ।’ ਮਹਿਲਾ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ‘ਕਿਸਾਨ ਵਿਰੋਧੀ’ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨਣ।’ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੇ ਕਿਸੇ ਤਣ ਪੱਤਣ ਲੱਗਣ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।