ਨਵੀਂ ਦਿੱਲੀ, 19 ਜੁਲਾਈ
ਜਸਟਿਸ ਯੂ ਯੂ ਲਲਿਤ ਸੁਪਰੀਮ ਕੋਰਟ ਕੋਲਿਜੀਅਮ(ਜੱਜਾਂ ਦਾ ਸਮੂਹ) ਦਾ ਹਿੱਸਾ ਬਣਨਗੇ। ਉਹ ਕੋਲਿਜੀਅਮ ਦੇ ਪੰਜਵੇਂ ਮੈਂਬਰ ਹੋਣਗੇ। ਉਹ ਜਸਟਿਸ ਆਰ ਭਾਨੂਮਤੀ ਦੀ ਥਾਂ ਲੈਣਗੇ ਜੋ ਸੇਵਾਮੁਕਤ ਹੋ ਗਏ ਹਨ। ਕੋਲਿਜੀਅਮ ਦੇ ਹੋਰਨਾਂ ਮੈਂਬਰਾਂ ਵਿੱਚ ਚੀਫ਼ ਜਸਟਿਸ ਐਸ ਏ ਬੌਬਡੇ, ਜਸਟਿਸ ਐਨ ਵੀ ਰਮੰਨਾ, ਅਰੁਣ ਮਿਸ਼ਰਾ ਅਤੇ ਆਰ ਐਫ ਨਰੀਮਨ ਹਨ। ਸੁਪਰੀਮ ਕੋਰਟ ਦੇ ਪੰਜ ਸੀਨੀਅਰ ਜੱਜ ਕੋਲਿਜੀਅਮ ਦੇ ਮੈਂਬਰ ਹਨ। ਕੋਲਿਜੀਅਮ ਸੁਪਰੀਮ ਕੋਰਟ ਵਿਚ ਜੱਜਾਂ ਦੀ ਨਿਯੁਕਤੀ ਲਈ ਨਾਵਾਂ ਦੀ ਚੋਣ ਅਤੇ ਸਿਫਾਰਸ਼ ਕਰਦਾ ਹੈ। ਜਸਟਿਸ ਲਲਿਤ, ਜਿਨ੍ਹਾਂ ਨੂੰ 13 ਅਗਸਤ 2014 ਨੂੰ ਸਿੱਧਾ ਬਾਰ ਤੋਂ ਉੱਚ ਅਦਾਲਤ ਦਾ ਜੱਜ ਬਣਾਇਆ ਗਿਆ ਸੀ 8 ਨਵੰਬਰ 2022 ਤਕ ਕੋਲਿਜੀਅਮ ਦਾ ਹਿੱਸਾ ਰਹਿਣਗੇ। 17 ਜੁਲਾਈ ਜਸਟਿਸ ਭਾਨੂਮਤੀ ਦਾ ਆਖਰੀ ਕਾਰਜਕਾਰੀ ਦਿਨ ਸੀ। ਜਸਟਿਸ ਰੁਮਾ ਪਾਲ ਤੋਂ ਬਾਅਦ ਕੋਲਿਜੀਅਮ ਦਾ ਹਿੱਸਾ ਬਣਨ ਵਾਲੀ ਉਹ ਦੂਜੀ ਮਹਿਲਾ ਸਨ।