ਮੁੰਬਈ, 12 ਅਕਤੂਬਰ
ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਅੱਜ ਯੂਕੇ ਵਿਚ ਹੋਈ ਕਾਰ ਰੈਲੀ ਦੀ ਵੀਡੀਓ ਸਾਂਝੀ ਕੀਤੀ। ਇਸ ਰੈਲੀ ਰਾਹੀਂ ਮਰਹੂਮ ਅਦਾਕਾਰ ਸੁਸ਼ਾਂਤ ਲਈ ਨਿਆਂ ਦੀ ਮੰਗ ਕੀਤੀ ਗਈ। ਇਹ ਰੈਲੀ ਸਾਊਥਾਲ (ਲੰਡਨ) ਵਿਚ ਹੋਈ। ਕਾਰਾਂ ਉਤੇ ਸੁਸ਼ਾਂਤ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ। ਇਕ ਹੋਰ ਵੀਡੀਓ ਵੀ ਸ਼ਵੇਤਾ ਨੇ ਪੋਸਟ ਕੀਤੀ ਜਿਸ ਵਿਚ ਇਕ ਮਹਿਲਾ ਸੁਸ਼ਾਂਤ ਨੂੰ ਇਨਸਾਫ਼ ਦੇਣ ਦੀ ਮੰਗ ਕਰ ਰਹੀ ਸੀ। ਕੈਪਸ਼ਨ ਵਿਚ ਸ਼ਵੇਤਾ ਨੇ ਲਿਖਿਆ ਕਿ ਉਨ੍ਹਾਂ ਨੂੰ ਸੀਬੀਆਈ ਉਤੇ ਭਰੋਸਾ ਹੈ। ਰੈਲੀ ਵਿਚ ਕਈ ਪੁਰਸ਼ਾਂ ਤੇ ਔਰਤਾਂ ਨੇ ਪੋਸਟਰ ਫੜੇ ਹੋਏ ਸਨ ਜਿਨ੍ਹਾਂ ਉਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਸੀ ਕਿ ‘ਸੁਸ਼ਾਂਤ ਦੇ ਹਤਿਆਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।’ ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਕੇਸ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ। -ਆਈਏਐਨਐੱਸ