ਨਵੀਂ ਦਿੱਲੀ, 19 ਜੂਨ
ਦਿੱਲੀ ਹਾਈ ਕੋਰਟ ਸਮੇਤ ਛੇ ਹਾਈ ਕੋਰਟਾਂ ਲਈ ਨਵੇਂ ਚੀਫ਼ ਜਸਟਿਸਾਂ ਦੀ ਨਿਯੁਕਤ ਕਰ ਦਿੱਤੀ ਗਈ ਹੈ। ਕੇਂਦਰੀ ਕਾਨੂੰਨ ਮੰਤਰਾਲੇ ਦੇ ਨਿਆਂ ਵਿਭਾਗ ਨੇ ਇਨ੍ਹਾਂ ਨਿਯੁਕਤੀਆਂ ਬਾਰੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਜਿੱਥੇ ਹਾਈ ਕੋਰਟ ਦੇ ਪੰਜ ਜੱਜਾਂ ਨੂੰ ਚੀਫ਼ ਜਸਟਿਸ ਵਜੋਂ ਤਰੱਕੀ ਦਿੱਤੀ ਗਈ ਹੈ, ਉੱਥੇ ਤਿਲੰਗਾਨਾ ਹਾਈ ਕੋਰਟ ਦੇ ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਦਾ ਇਸੇ ਅਹੁਦੇ ’ਤੇ ਦਿੱਲੀ ਹਾਈ ਕੋਰਟ ਤਬਾਦਲਾ ਕਰ ਦਿੱਤਾ ਗਿਆ ਹੈ। ਦਿੱਲੀ ਹਾਈ ਕੋਰਟ ਦੇ ਜਸਟਿਸ ਵਿਪਿਨ ਸਾਂਘੀ ਨੂੰ ਉੱਤਰਾਖੰਡ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਾਂਬੇ ਹਾਈ ਕੋਰਟ ਦੇ ਜਸਟਿਸ ਅਮਜਦ ਏ ਸਈਦ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਬਾਂਬੇ ਹਾਈ ਕੋਰਟ ਦੇ ਜਸਟਿਸ ਐੱਸ ਐੱਸ ਸ਼ਿੰਦੇ ਨੂੰ ਰਾਜਸਥਾਨ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਗੁਜਰਾਤ ਹਾਈ ਕੋਰਟ ਦੇ ਜਸਟਿਸ ਰਸ਼ਮਿਨ ਐੱਮ ਛੱਈਆ ਨੂੰ ਤਰੱਕੀ ਦਿੰਦਿਆਂ ਗੁਹਾਟੀ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਤਿਲੰਗਾਨਾ ਹਾਈ ਕੋਰਟ ਵਿੱਚ ਜੱਜ ਜਸਟਿਸ ਉੱਜਲ ਭੂਯਨ ਨੂੰ ਉੱਥੇ ਹੀ ਤਰੱਕੀ ਦਿੰਦਿਆਂ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਜਸਟਿਸ ਡੀ ਐੱਨ ਪਟੇਲ ਦੇ ਸੇਵਾਮੁਕਤ ਹੋਣ ਮਗਰੋਂ ਦਿੱਲੀ ਹਾਈ ਕੋਰਟ ਵਿੱਚ ਕੋਈ ਵੀ ਮੁੱਖ ਚੀਫ਼ ਜਸਟਿਸ ਨਹੀਂ ਸੀ ਜਦਕਿ ਜਸਟਿਸ ਸਾਂਘੀ 13 ਮਾਰਚ ਤੋਂ ਐਕਟਿੰਗ ਚੀਫ ਜਸਟਿਸ ਵਜੋਂ ਕੰਮ ਕਰ ਰਹੇ ਸਨ। ਇਨ੍ਹਾਂ ਜੱਜਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਨਵੇਂ ਅਹੁਦੇ ਸੰਭਾਲਣ ਦੀ ਉਮੀਦ ਹੈ। -ਪੀਟੀਆਈ