ਨਵੀਂ ਦਿੱਲੀ, 21 ਅਗਸਤ
ਭਾਰਤ ਦੇ ਅਗਲੇ ਚੀਫ਼ ਜਸਟਿਸ ਬਣਨ ਜਾ ਰਹੇ ਜਸਟਿਸ ਉਦੈ ਉਮੇਸ਼ ਲਲਿਤ ਨੇ ਅੱਜ ਕਿਹਾ ਕਿ ਅਦਾਲਤਾਂ ਵਿਚ ਚੱਲ ਰਹੇ ਮੁਕੱਦਮੇ ਇਕ ਅਜਿਹੇ ਜ਼ਖ਼ਮ ਵਰਗੇ ਹਨ ਜਿਸ ਵਿਚੋਂ ਖ਼ੂਨ ਨਿਕਲ ਰਿਹਾ ਹੈ, ਇਸ ਵਿਚੋਂ ਜਿੰਨਾ ਹੋਰ ਖ਼ੂਨ ਨਿਕਲੇਗਾ, ਵਿਅਕਤੀ ਨੂੰ ਵੱਧ ਦੁੱਖ ਸਹਿਣਾ ਪਵੇਗਾ। ਜਸਟਿਸ ਲਲਿਤ ਜੋ ਕਿ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਕਾਰਜਕਾਰੀ ਚੇਅਰਮੈਨ ਵੀ ਹਨ, ਨੇ ਅੱਜ ਕਾਨੂੰਨੀ ਸਹਾਇਤਾ ਕੌਂਸਲ ਨੂੰ ਰਸਮੀ ਤੌਰ ’ਤੇ ਲਾਂਚ ਕੀਤਾ। ‘ਐਲਏਡੀਸੀ’ ਢਾਂਚੇ ਨੂੰ 365 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀਆਂ ਵਿਚ ਲਾਂਚ ਕੀਤਾ ਗਿਆ ਹੈ। ਇਸ ਦਾ ਗਠਨ ‘ਨਾਲਸਾ’ ਤਹਿਤ ਹੋਇਆ ਹੈ। ਇਸ ਤਹਿਤ ਗਰੀਬਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 70 ਪ੍ਰਤੀਸ਼ਤ ਅਬਾਦੀ ਗਰੀਬੀ ਰੇਖਾ ਤੋਂ ਹੇਠਾਂ ਹੈ ਤੇ ਸਿਰਫ਼ 12 ਪ੍ਰਤੀਸ਼ਤ ਹੀ ਮੁਫ਼ਤ ਕਾਨੂੰਨੀ ਸਹਾਇਤਾ ਲੈਂਦੀ ਹੈ ਜੋ ਕਿ ਕਾਨੂੰਨੀ ਸੇਵਾਵਾਂ ਅਥਾਰਿਟੀ ਮੁਹੱਈਆ ਕਰਾਉਂਦੀ ਹੈ। -ਪੀਟੀਆਈ