ਨਵੀਂ ਦਿੱਲੀ, 12 ਮਾਰਚ
ਭਾਰਤ ਦੇ ਚੀਫ਼ ਜਸਟਿਸ ਐੱਸ.ਏ.ਬੋਬੜੇ ਨੇ ਸੁਪਰੀਮ ਕੋਰਟ ’ਚ ਸਿੱਧੇ ਜੱਜ ਵਜੋਂ ਨਿਯੁਕਤੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਵਕੀਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ‘ਉਹ ਜਸਟਿਸ ਇੰਦੂ ਮਲਹੋਤਰਾ ਤੋਂ ਜ਼ਹੀਨ ਕਿਸੇ ਹੋਰ ਜੱਜ ਨੂੰ ਨਹੀਂ ਜਾਣਦੇ।’ ਜਸਟਿਸ ਇੰਦੂ ਮਲਹੋਤਰਾ ਦੀ ਸੇਵਾ ਮੁਕਤੀ ਤੋਂ ਪਹਿਲਾਂ ਅੱਜ ਆਖਰੀ ਵਾਰ ਉਨ੍ਹਾਂ ਨਾਲ ਬੈਂਚ ਵਿੱਚ ਬੈਠਣ ਮੌਕੇ ਚੀਫ਼ ਜਸਟਿਸ ਬੋਬੜੇ ਨੇ ਕਿਹਾ ਕਿ ਉਹ ਆਪਣੀ ਸਹਿਯੋਗੀ ਜੱਜ ਦੀ ਨਿਆਂਇਕ ਸਿਆਣਪ ਬਾਰੇ ਕੁਝ ਵੀ ਨਹੀਂ ਬੋਲਣਾ ਚਾਹੁੰਦੇ ਕਿਉਂਕਿ ਉਨ੍ਹਾਂ ਵੱਲੋਂ ਸੁਣਾਏ ਫੈਸਲੇ ਜਾਣਕਾਰੀ ਭਰਪੂਰ ਹਨ। ਜਸਟਿਸ ਮਲਹੋਤਰਾ, ਜੋ ਭਲਕੇ ਜੱਜ ਵਜੋਂ ਸੇਵਾ ਮੁਕਤ ਹੋ ਰਹੇ ਹਨ, ਇਸ ਮੌਕੇ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਸਿਖਰਲੀ ਅਦਾਲਤ ਦੇ ਜੱਜ ਵਜੋਂ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਤੋਂ ਘੱਟ ਸੀ, ਪਰ ਉਹ ਵੱਡੀ ਤਸੱਲੀ ਨਾਲ ਇਥੋਂ ਵਿਦਾ ਹੋ ਰਹੇ ਹਨ। ਜਸਟਿਸ ਮਲਹੋਤਰਾ ਨੇ ਸੀਜੇਆਈ ਤੇ ਬਾਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ, ‘ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਸੰਸਥਾ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।’ ਜਸਟਿਸ ਮਲਹੋਤਰਾ ਤੇ ਜਸਟਿਸ ਏ.ਐੱਸ.ਬੋਪੰਨਾ ਦੇ ਬੈਂਚ ਦੀ ਅਗਵਾਈ ਕਰਨ ਵਾਲੇ ਚੀਫ਼ ਜਸਟਿਸ ਬੋਬੜੇ ਨੇ ਕਿਹਾ, ‘ਮੈਂ ਸਮਝ ਸਕਦਾ ਹਾਂ ਕਿ ਆਖਰੀ ਦਿਨ ਵਿਅਕਤੀ ਨੂੰ ਕਿਹੋ ਜਿਹੀਆਂ ਭਾਵਨਾਵਾਂ ’ਚੋਂ ਲੰਘਣਾ ਪੈਂਦਾ ਹੈ। ਅਸੀਂ ਉਨ੍ਹਾਂ ਦੀ ਤਕਰੀਰ ਫਿਰ ਕਿਸੇ ਹੋਰ ਦਿਨ ਸੁਣਾਂਗੇ।’ ਅਟਾਰਨੀ ਜਨਰਲ ਕੇ.ਕੇ.ਵੇਣੂਗੋਪਾਲ ਨੇ ਜਸਟਿਸ ਮਲਹੋਤਰਾ ਦੀ ਤਾਰੀਫ਼ ਕਰਦਿਆਂ ਕਿਹਾ, ‘ਸਾਨੂੰ ਇਕ ਮਹਾਨ ਜੱਜ ਦੀ ਘਾਟ ਰੜਕੇਗੀ।’ ਸੀਨੀਅਰ ਵਕੀਲਾਂ ਮੁਕੁਲ ਰੋਹਤਗੀ, ਪੀ.ਐੱਸ. ਨਰਸਿਮ੍ਹਾ, ਵੀ.ਮੋਹਾਨਾ, ਵਿਕਾਸ ਸਿੰਘ ਸਮੇਤ ਹੋਰਨਾਂ ਨੇ ਜਸਟਿਸ ਮਲੋਹਤਰਾ ਦੇ ਸਬਰ, ਗੌਰਵ ਤੇ ਅੰਦਾਜ਼ ਦੀ ਵੀ ਤਾਰੀਫ਼ ਕੀਤੀ। ਸਾਲ 2007 ਵਿੱਚ ਸੀਨੀਅਰ ਵਕੀਲ ਬਣੀ ਮਲਹੋਤਰਾ ਨੂੰ 26 ਅਪਰੈਲ 2018 ਨੂੰ ਸੁਪਰੀਮ ਕੋਰਟ ’ਚ ਸਿੱਧੇ ਜੱਜ ਵਜੋਂ ਨਿਯੁਕਤੀ ਮਿਲੀ ਸੀ। -ਪੀਟੀਆਈ