ਨਵੀਂ ਦਿੱਲੀ, 12 ਮਾਰਚ
ਸੁਪਰੀਮ ਕੋਰਟ ’ਚ ਸਿੱਧੇ ਜੱਜ ਵਜੋਂ ਨਿਯੁਕਤੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਵਕੀਲ ਜਸਟਿਸ ਇੰਦੂ ਮਲਹੋਤਰਾ ਸ਼ਨਿਚਰਵਾਰ 13 ਮਾਰਚ ਨੂੰ ਸੇਵਾਮੁਕਤ ਹੋਣਗੇ। ਭਾਰਤ ਦੇ ਚੀਫ਼ ਜਸਟਿਸ ਐੱਸ.ਏ.ਬੋਬੜੇ ਨੇ ਜਸਟਿਸ ਇੰਦੂ ਮਲਹੋਤਰਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ‘ਉਹ ਜਸਟਿਸ ਇੰਦੂ ਮਲਹੋਤਰਾ ਤੋਂ ਜ਼ਹੀਨ ਕਿਸੇ ਹੋਰ ਜੱਜ ਨੂੰ ਨਹੀਂ ਜਾਣਦੇ।’ ਚੀਫ਼ ਜਸਟਿਸ ਬੋਬੜੇ ਨੇ ਕਿਹਾ, ‘ਮੈਂ ਸਮਝ ਸਕਦਾ ਹਾਂ ਕਿ ਆਖਰੀ ਦਿਨ ਵਿਅਕਤੀ ਨੂੰ ਕਿਹੋ ਜਿਹੀਆਂ ਭਾਵਨਾਵਾਂ ’ਚੋਂ ਲੰਘਣਾ ਪੈਂਦਾ ਹੈ। ਅਸੀਂ ਉਨ੍ਹਾਂ ਦੀ ਤਕਰੀਰ ਫਿਰ ਕਿਸੇ ਹੋਰ ਦਿਨ ਸੁਣਾਂਗੇ।’ ਸਾਲ 2007 ਵਿੱਚ ਸੀਨੀਅਰ ਵਕੀਲ ਬਣੀ ਇੰਦੂ ਮਲਹੋਤਰਾ ਨੂੰ 26 ਅਪਰੈਲ 2018 ਨੂੰ ਸੁਪਰੀਮ ਕੋਰਟ ’ਚ ਸਿੱਧੇ ਜੱਜ ਵਜੋਂ ਨਿਯੁਕਤੀ ਮਿਲੀ ਸੀ। ਉਂਜ ਸਿਖਰਲੀ ਅਦਾਲਤ ’ਚ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਜਸਟਿਸ ਫ਼ਾਤਿਮਾ ਬੀਵੀ ਸੀ, ਜਿਨ੍ਹਾਂ ਨੂੰ 1989 ’ਚ ਇਹ ਨਿਯੁਕਤੀ ਮਿਲੀ ਸੀ। ਸੁਪਰੀਮ ਕੋਰਟ ਦਾ ਗਠਨ 1950 ਵਿਚ ਹੋਇਆ ਸੀ। ਜਸਟਿਸ ਮਲਹੋਤਰਾ, ਜੋ ਸ਼ਨਿਚਰਵਾਰ ਨੂੰ ਜੱਜ ਵਜੋਂ ਸੇਵਾਮੁਕਤ ਹੋ ਰਹੇ ਹਨ, ਇਸ ਮੌਕੇ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਸਿਖਰਲੀ ਅਦਾਲਤ ਦੇ ਜੱਜ ਵਜੋਂ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਤੋਂ ਘੱਟ ਸੀ, ਪਰ ਉਹ ਵੱਡੀ ਤਸੱਲੀ ਨਾਲ ਇਥੋਂ ਵਿਦਾ ਹੋ ਰਹੇ ਹਨ। -ਏਜੰਸੀ