ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ ਉਦੈ ਉਮੇਸ਼ ਲਲਿਤ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਜਸਟਿਸ ਹੇਮੰਤ ਗੁਪਤਾ ਜੋ ਕਿ 16 ਅਕਤੂਬਰ ਨੂੰ ਸੇਵਾਮੁਕਤ ਹੋ ਰਹੇ ਹਨ, ਹਮੇਸ਼ਾ ਸੰਸਥਾ ਦਾ ‘ਮਾਣ’ ਰਹੇ ਹਨ। ਚੀਫ ਜਸਟਿਸ ਉਸ ਬੈਂਚ ਦੀ ਪ੍ਰਧਾਨਗੀ ਕਰ ਰਹੇ ਸਨ ਜਿਸ ਵਿੱਚ ਜਸਟਿਸ ਗੁਪਤਾ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜਸਟਿਸ ਗੁਪਤਾ ਨੇ ਹਮੇਸ਼ਾ ਹਰ ਉਸ ਮਾਮਲੇ ਵਿੱਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀ ਸਮਰੱਥਾ ਮੁਤਾਬਕ ਸਭ ਤੋਂ ਵਧੀਆ ਫੈਸਲਾ ਸੁਣਾਉਣ ਲਈ ਕਿਹਾ ਗਿਆ। ਜਸਟਿਸ ਲਲਿਤ ਨੇ ਕਿਹਾ, ‘‘ਉਹ ਹਮੇਸ਼ਾ ਸੰਸਥਾ ਦਾ ਅਸਾਸਾ ਰਹੇ ਹਨ ਅਤੇ ਅਸੀਂ ਉਨ੍ਹਾਂ ਦੀ ਚੰਗੀ ਸਿਹਤ, ਚੰਗੇ ਭਵਿੱਖ ਅਤੇ ਹਰ ਉਹ ਚੀਜ਼ ਜਿਸ ਦੇ ਉਹ ਕਾਬਿਲ ਹਨ ਤੇ ਇੱਛਾ ਰੱਖਦੇ ਹਨ, ਮਿਲਣ ਦੀ ਕਾਮਨਾ ਕਰਦੇ ਹਾਂ।’’ ਜਸਟਿਸ ਗੁਪਤਾ 2 ਨਵੰਬਰ 2018 ਨੂੰ ਸਿਖ਼ਰਲੀ ਅਦਾਲਤ ਦੇ ਜੱਜ ਬਣੇ ਸਨ। ਉਨ੍ਹਾਂ ਕਿਹਾ ਕਿ ਸਿਖਰਲੀ ਅਦਾਲਤ ਵਿੱਚ ਹੋਣਾ ਨਿੱਜੀ ਤੌਰ ’ਤੇ ਤਜਰਬਾ ਵਧਾਉਣ ਵਾਲਾ ਸੀ ਅਤੇ ਉਨ੍ਹਾਂ ਨੂੰ ਹਮੇਸ਼ਾ ਸਾਰੇ ਵਕੀਲਾਂ ਦਾ ਸਹਿਯੋਗ ਮਿਲਿਆ। -ਪੀਟੀਆਈ