ਨਵੀਂ ਦਿੱਲੀ, 28 ਅਗਸਤ
ਸੁਪਰੀਮ ਕੋਰਟ ਦੇ ਜੱਜ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਹੈ ਕਿ ਮੁਲਕ ਦੇ ਨਾਗਰਿਕ ਹੋਣ ਦੇ ਨਾਤੇ ਪ੍ਰੈੱਸ ਨੂੰ ਕਿਸੇ ਵੀ ਪ੍ਰਭਾਵ ਤੋਂ ਮੁਕਤ ਬਣਾਉਣ ਲਈ ਹੰਭਲੇ ਮਾਰਨੇ ਚਾਹੀਦੇ ਹਨ ਤਾਂ ਜੋ ਉਹ ਨਿਰਪੱਖ ਰਹਿ ਕੇ ਜਾਣਕਾਰੀ ਸਾਂਝੀ ਕਰ ਸਕੇ। ਛੇਵੇਂ ਐੱਮ ਸੀ ਚਾਗਲਾ ਯਾਦਗਾਰੀ ਆਨਲਾਈਨ ਭਾਸ਼ਣ ਦੌਰਾਨ ‘ਸੱਤਾ ਨੂੰ ਸੱਚ ਤੋਂ ਜਾਣੂ ਕਰਾਉਣਾ: ਨਾਗਰਿਕ ਅਤੇ ਕਾਨੂੰਨ’ ਵਿਸ਼ੇ ’ਤੇ ਬੋਲਦਿਆਂ ਉਨ੍ਹਾਂ ਕਿਹਾ,‘‘ਫਰਜ਼ੀ ਖ਼ਬਰਾਂ ਫੈਲਣ ਤੋਂ ਰੋਕਣ ਲਈ ਸਾਨੂੰ ਆਪਣੇ ਸਰਕਾਰੀ ਅਦਾਰੇ ਮਜ਼ਬੂਤ ਕਰਨ ਦੀ ਲੋੜ ਹੈ। ਨਾਗਰਿਕ ਵਜੋਂ ਸਾਨੂੰ ਸਾਰਿਆਂ ਨੂੰ ਪ੍ਰੈੱਸ ਨੂੰ ਕਿਸੇ ਕਿਸਮ ਦੇ ਸਿਆਸੀ ਅਤੇ ਆਰਥਿਕ ਪ੍ਰਭਾਵ ਤੋਂ ਮੁਕਤ ਬਣਾਉਣ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਅਜਿਹੇ ਜ਼ਮਾਨੇ ’ਚ ਰਹਿ ਰਹੇ ਹਾਂ ਜਿਥੇ ‘ਲੋਕਾਂ ਨੂੰ ਸੱਚ ਦਾ ਪਤਾ ਲਾਉਣਾ ਮੁਸ਼ਕਲ ਹੈ ਜਾਂ ਸੱਚ ਪਤਾ ਲੱਗਣ ’ਤੇ ਉਹ ਇਸ ਦੀ ਪਰਵਾਹ ਨਹੀਂ ਕਰਦੇ।’ ਉਨ੍ਹਾਂ ਕਿਹਾ ਕਿ ਟਵਿੱਟਰ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਫਰਜ਼ੀ ਸਮੱਗਰੀ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਪਰ ਲੋਕਾਂ ਨੂੰ ਵਧੇਰੇ ਚੌਕਸ ਰਹਿਣਾ ਪਵੇਗਾ ਅਤੇ ਵੱਖ ਵੱਖ ਰਾਏ ਨੂੰ ਸਵੀਕਾਰ ਕਰਨਾ ਸਿੱਖਣਾ ਪਵੇਗਾ। -ਆਈਏਐਨਐਸ