ਨਵੀਂ ਦਿੱਲੀ, 24 ਅਗਸਤ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨਾਲ ਜੁੜੇ ਮੁੱਦੇ, ਜਿਨ੍ਹਾਂ ਵਿਚ ਇਸ ਦੇ ਸੰਵਿਧਾਨ ਦੀ ਸੋਧ ਵੀ ਸ਼ਾਮਲ ਹੈ, ਦੀ ਸੁਣਵਾਈ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲਾ ਬੈਂਚ ਕਰੇਗਾ। ਚੀਫ ਜਸਟਿਸ ਐੱਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਬੀਸੀਸੀਆਈ ਨਾਲ ਸਬੰਧਤ ਮੁੱਦਿਆਂ ਉਤੇ ਇਸ ਤੋਂ ਪਹਿਲਾਂ ਅਗਸਤ, 2018 ਵਿਚ ਸੁਣਵਾਈ ਚੀਫ ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਏਐਮ ਖਾਨਵਿਲਕਰ ਅਤੇ ਚੰਦਰਚੂੜ ਦੇ ਬੈਂਚ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਜਸਟਿਸ ਮਿਸ਼ਰਾ ਤੇ ਖਾਨਵਿਲਕਰ ਸੇਵਾਮੁਕਤ ਹੋ ਚੁੱਕੇ ਹਨ। ਚੀਫ ਜਸਟਿਸ ਨੇ ਕਿਹਾ ਕਿ ਹੁਣ ਜਦ ਜਸਟਿਸ ਮਿਸ਼ਰਾ ਤੇ ਖਾਨਵਿਲਕਰ ਨਹੀਂ ਹਨ ਤਾਂ ਉਹ ਇਨ੍ਹਾਂ ਮਾਮਲਿਆਂ ਨੂੰ ਸੁਣਵਾਈ ਲਈ ਜਸਟਿਸ ਚੰਦਰਚੂੜ ਤੇ ਦੋ ਹੋਰ ਜੱਜਾਂ ਅੱਗੇ ਰੱਖ ਰਹੇ ਹਨ। ਜ਼ਿਕਰਯੋਗ ਹੈ ਕਿ 21 ਜੁਲਾਈ ਨੂੰ ਸਿਖ਼ਰਲੀ ਅਦਾਲਤ ਨੇ ਸੀਨੀਅਰ ਵਕੀਲ ਮਨਿੰਦਰ ਸਿੰਘ ਨੂੰ ਬੀਸੀਸੀਆਈ ਨਾਲ ਜੁੜੇ ਮੁੱਦਿਆਂ ਵਿਚ ਮਦਦ ਲੈਣ ਲਈ ਅਦਾਲਤ ਦੇ ਸਹਾਇਕ ਵਜੋਂ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਕ੍ਰਿਕਟ ਬੋਰਡ ਦੇ ਸੰਵਿਧਾਨ ਵਿਚ ਸੋਧ ਉਤੇ ਸੁਣਵਾਈ ਦੀ ਅਰਜ਼ੀ ਨੂੰ ਸੂਚੀਬੱਧ ਕੀਤਾ ਗਿਆ ਸੀ। ਇਹ ਮਾਮਲਾ ਬੋਰਡ ਦੇ ਅਹੁਦੇਦਾਰਾਂ ਦੇ ਕਾਰਜਕਾਲ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਅਹੁਦੇਦਾਰਾਂ ਵਿਚ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਵੀ ਸ਼ਾਮਲ ਹਨ। -ਪੀਟੀਆਈ