ਕੋਲਕਾਤਾ, 7 ਜੁਲਾਈ
ਕਲਕੱਤਾ ਹਾਈ ਕੋਰਟ ਦੇ ਜਸਟਿਸ ਕੌਸ਼ਿਕ ਚੰਦਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਨੰਦੀਗ੍ਰਾਮ ਹਲਕੇ ਤੋਂ ਸੁਵੇਂਦੂ ਅਧਿਕਾਰੀ ਦੀ ਚੋਣ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਅੱਜ ਖੁ਼ਦ ਨੂੰ ਵੱਖ ਕਰ ਲਿਆ। ਉਨ੍ਹਾਂ ਮਮਤਾ ਨੂੰ ਕੇਸ ਦੇ ਖਰਚੇ ਵਜੋਂ 5 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਦੀ ਹਦਾਇਤ ਕੀਤੀ ਹੈ। ਜਸਟਿਸ ਚੰਦਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਇਸ ਕੇਸ ਤੋਂ ਹਟਾਏ ਜਾਣ ਸਬੰਧੀ ਅਰਜ਼ੀ ਉਨ੍ਹਾਂ ਅੱਗੇ ਰੱਖੇ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਫੈਸਲੇ ਨੂੰ ਪ੍ਰਭਾਵਿਤ ਕਰਨ ਲਈ ਮਿੱਥ ਕੇ ਅਤੇ ਚੇਤੰਨ ਰੂਪ ਵਿੱਚ ਯਤਨ ਕੀਤੇ ਗਏ। ਜਸਟਿਸ ਚੰਦਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਕੇਸ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ, ਉਸ ਲਈ ਜੁਰਮਾਨਾ ਲਾਉਣਾ ਬਣਦਾ ਹੈ। ਉਨ੍ਹਾਂ ਦੋ ਹਫ਼ਤਿਆਂ ’ਚ ਪੰਜ ਲੱਖ ਰੁਪਏ ਪੱਛਮੀ ਬੰਗਾਲ ਬਾਰ ਕੌਂਸਲ ਕੋਲ ਜਮ੍ਹਾਂ ਕਰਵਾਏ ਜਾਣ ਦੀ ਹਦਾਇਤ ਕੀਤੀ ਹੈ। ਜਸਟਿਸ ਚੰਦਾ ਨੇ ਹੁਕਮਾਂ ’ਚ ਕਿਹਾ, ‘‘ਕੇਸ ਤੋਂ ਲਾਂਭੇ ਕਰਨ ਲਈ ਗਿਣ-ਮਿੱਥ ਕੇ ਅਤੇ ਮਨੋਵਿਗਿਆਨਕ ਤੇ ਹਮਲਾਵਰ ਰੂਪ ਵਿੱਚ ਕੀਤੇ ਯਤਨਾਂ ਨਾਲ ਸਖ਼ਤੀ ਨਾਲ ਸਿੱਝਣ ਦੀ ਲੋੜ ਹੈ ਤੇ ਪਟੀਸ਼ਨਰ ’ਤੇ ਪੰਜ ਲੱਖ ਰੁਪਏ ਦਾ ਖਰਚਾ ਲਾਇਆ ਜਾਂਦਾ ਹੈ।’
ਜਸਟਿਸ ਚੰਦਾ ਨੇ 24 ਜੂਨ ਨੂੰ ਮਮਤਾ ਬੈਨਰਜੀ ਦੀ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ ਸੀ। ਬੈਨਰਜੀ ਨੇ ਦਾਅਵਾ ਕੀਤਾ ਸੀ ਜੱਜ ਖੁ਼ਦ ਨੂੰ ਕੇਸ ਤੋਂ ਲਾਂਭੇ ਕਰ ਲਏ ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਉਹ ਪੱਖਪਾਤੀ ਹੋ ਸਕਦਾ ਹੈ। -ਪੀਟੀਆਈ