ਕੋਲਕਾਤਾ, 17 ਸਤੰਬਰ
ਭਾਜਪਾ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ’ਚ ਟੀਐੱਮਸੀ ਦੇ ਰਾਜ ਹੇਠ ਜੰਗਲਰਾਜ ਹੈ ਅਤੇ ਪੁਲੀਸ ਪੱਖਪਾਤੀ ਢੰਗ ਨਾਲ ਕੰਮ ਕਰ ਰਹੀ ਹੈ। ਭਾਜਪਾ ਦੇ ਪੰਜ ਮੈਂਬਰੀ ਵਫ਼ਦ ਨੇ ਕੋਲਕਾਤਾ ’ਚ ਕੱਢੇ ਗਏ ਮਾਰਚ ਦੌਰਾਨ ਜ਼ਖ਼ਮੀ ਹੋਏ ਪਾਰਟੀ ਵਰਕਰਾਂ ਦਾ ਹਾਲ-ਚਾਲ ਪੁੱਛਿਆ। ਵਫ਼ਦ ’ਚ ਰਾਜ ਸਭਾ ਮੈਂਬਰ ਬ੍ਰਿਜ ਲਾਲ, ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ, ਪੰਜਾਬ ਦੇ ਆਗੂ ਸੁਨੀਲ ਜਾਖੜ, ਰਾਜ ਸਭਾ ਮੈਂਬਰ ਸਮੀਰ ਓਰਾਓਂ ਸਮੇਤ ਹੋਰ ਆਗੂ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਿਜ ਲਾਲ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਭਾਜਪਾ ਵਰਕਰਾਂ ’ਤੇ ਢਾਹੇ ਗਏ ਪੁਲੀਸ ਤਸ਼ੱਦਦ ਨੂੰ ਦੇਖ ਕੇ ਉਹ ਹੈਰਾਨ ਹਨ। ਰਾਠੌੜ ਨੇ ਕਿਹਾ ਕਿ ਸੂਬੇ ’ਚ ਤਾਨਾਸ਼ਾਹੀ ਦਾ ਮਾਹੌਲ ਹੈ ਅਤੇ ਵਫ਼ਦ ਵੱਲੋਂ ਛੇਤੀ ਹੀ ਪੁਲੀਸ ਕਾਰਵਾਈ ਬਾਰੇ ਰਿਪੋਰਟ ਪਾਰਟੀ ਪ੍ਰਧਾਨ ਜੇ ਪੀ ਨੱਡਾ ਨੂੰ ਸੌਂਪੀ ਜਾਵੇਗੀ। -ਪੀਟੀਆਈ