ਨਵੀਂ ਦਿੱਲੀ, 18 ਅਕਤੂਬਰ ਸੁਪਰੀਮ ਕੋਰਟ ਦੇ ਜਸਟਿਸ ਜਸਟਿਸ ਐੱਨਵੀ ਰਮਨ ਨੇ ਕਿਹਾ ਹੈ ਕਿ ਨਿਆਂਪਾਲਿਕਾ ਦੀ ਸਭ ਤੋਂ ਵੱਡੀ ਤਾਕਤ ਇਸ ਵਿਚ ਲੋਕਾਂ ਦਾ ਭਰੋਸਾ ਹੈ ਅਤੇ ਜੱਜਾਂ ਨੂੰ ਸਾਰੇ ਦਬਾਅ ਅਤੇ ਮੁਸੀਬਤਾਂ ਦੇ ਬਾਵਜੂਦ “ਨਿਡਰ ਹੋ ਕੇ ਫ਼ੈਸਲੇ” ਲੈਣੇ ਚਾਹੀਦੇ ਹਨ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨੇ ਹਾਲ ਹੀ ਵਿਚ ਭਾਰਤ ਦੇ ਚੀਫ ਜਸਟਿਸ ਐੱਸਏ ਬੋਬੇਡੇ ਨੂੰ ਪੱਤਰ ਲਿਖ ਕੇ ਜਸਟਿਸ ਰਮਨ ’ਤੇ ਗੰਭੀਰ ਦੋਸ਼ ਲਗਾਏ ਹਨ। ਇਸ ਕਾਰਨ ਜਸਟਿਸ ਰਮਨ ਦੀ ਇਹ ਟਿੱਪਣੀ ਅਹਿਮ ਮੰਨੀ ਜਾ ਰਹੀ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਏਆਰ ਲਕਸ਼ਮਣ ਦੀ ਸੋਗ ਸਭਾ ਵਿੱਚ ਸਨਿਚਰਵਾਰ ਨੂੰ ਜਸਟਿਸ ਰਮਨ ਨੇ ਕਿਹਾ, “ਨਿਆਂਪਾਲਿਕਾ ਦੀ ਸਭ ਤੋਂ ਵੱਡੀ ਤਾਕਤ ਲੋਕਾਂ ਦਾ ਵਿਸ਼ਵਾਸ ਹੈ ਤੇ ਇਸ ਲਈ ਆਪਣੇ ਸਿਧਾਂਤਾਂ ’ਤੇ ਅਟਲ ਰਹਿਣਾ ਚਾਹੀਦਾ ਹੈ ਤੇ ਨਿਡਰ ਹੋ ਕੇ ਫ਼ੈਸਲੇ ਕਰਨੇ ਚਾਹੀਦੇ ਹਨ।