ਗੁਹਾਟੀ:
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਸੋਮਵਾਰ ਨੂੰ ਅਸਾਮ ਦੇ ਦੋ ਰੋਜ਼ਾ ਦੌਰੇ ’ਤੇ ਪਹੁੰਚਣਗੇ। ਉਹ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨ ਲਈ ਸਿਲਚਰ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਅਸਾਮ ਭਾਜਪਾ ਦੇ ਜਨਰਲ ਸਕੱਤਰ ਰਾਜਦੀਪ ਰੌਏ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ੍ਰੀ ਨੱਢਾ ਸਿਲਚਰ ਵਿੱਚ ਪੁਲੀਸ ਪਰੇਡ ਗਰਾਊਂਡ ’ਚ ਹੋਣ ਵਾਲੀ ਜਨਤਕ ਰੈਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਸੀਨੀਅਰ ਪਾਰਟੀ ਆਗੂਆਂ ਨੂੰ ਵੀ ਮਿਲਣਗੇ। ਉਹ ਮੰਗਲਵਾਰ ਨੂੰ ਗੁਹਾਟੀ ਵਿੱਚ ਪ੍ਰਸਿੱਧ ਕਮਾਖਿਆ ਮੰਦਰ ਦੀ ਯਾਤਰਾ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਸ੍ਰੀ ਨੱਢਾ ਤੋਂ ਇਲਾਵਾ ਮੁੱਖ ਮੰਤਰੀ ਸਰਬਨੰਦ ਸੋਨੋਵਾਲ, ਵਿੱਤ ਤੇ ਸਿਹਤ ਮੰਤਰੀ ਹੇਮੰਤ ਬਿਸਵਾ ਸਰਮਾ ਅਤੇ ਅਸਾਮ ਭਾਜਪਾ ਪ੍ਰਧਾਨ ਰਣਜੀਤ ਕੁਮਾਰ ਦਾਸ ਵੱਲੋਂ ਵੀ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ।
-ਆਈਏਐੱਨਐੱਸ