ਜੰਮੂ/ਅਮਰਾਵਤੀ, 10 ਜੁਲਾਈ
ਖਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਕਿਸੇ ਵੀ ਨਵੇਂ ਜਥੇ ਇੱਥੋਂ ਦੱਖਣੀ ਕਸ਼ਮੀਰ ਸਥਿਤ ਗੁਫਾ ਦੇ ਬੇਸ ਕੈਂਪਾਂ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਸ਼ੁੱਕਰਵਾਰ ਨੂੰ ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਲਗਪਗ 40 ਜਣੇ ਲਾਪਤਾ ਹਨ। ਸੈਨਾ ਵੱਲੋਂ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਗੁਫਾ ਤੱਕ ਮਾਰਗ ਸਾਫ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਜੰਮੂ ਤੋਂ ਕਸ਼ਮੀਰ ਵਿੱਚੋ ਦੋ ਬੇਸ ਕੈਂਪਾਂ ਲਈ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਕਿਸੇ ਵੀ ਨਵੇਂ ਜਥੇ ਨੂੰ ਅਮਰਨਾਥ ਵੱਲ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਪਹਿਲਗਾਮ ਵਿੱਚ ਨੁਨਵਾਨ ਬੇਸ ਕੈਂਪ ਦਾ ਦੌਰਾ ਕੀਤਾ ਅਤੇ ਅਮਰਨਾਥ ਯਾਤਰਾ ਬਹਾਲ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜਾਇਜ਼ਾ ਲਿਆ ਹੈ। ਇੱਕ ਰੱਖਿਆ ਤਰਜਮਾਨ ਨੇ ਦੱਸਿਆ ਕਿ ਬਚਾਅ ਕਾਰਜਾਂ ਦੌਰਾਨ ਹਵਾਈ ਫੌਜ ਦੇ ਜਹਾਜ਼ਾਂ ਰਾਹੀਂ 34 ਜ਼ਖ਼ਮੀ ਸ਼ਰਧਾਲੂਆਂ ਨੂੰ ਅਮਰਨਾਥ ਯਾਤਰਾ ਬੇਸ ਕੈਂਪ ਤੋਂ ਇਲਾਜ ਲਈ ਸ੍ਰੀਨਗਰ ਲਿਆਂਦਾ ਗਿਆ ਹੈ।
ਬਚਾਅ ਕਰਮੀ ਲਾਪਤਾ ਲੋਕਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਸਮਾਂ ਗੁਜ਼ਰਨ ਦੇ ਨਾਲ-ਨਾਲ ਲਾਪਤਾ ਲੋਕਾਂ ਦੇ ਜਿਊਂਦੇ ਹੋਣ ਦੀ ਆਸ ਮੱਧਮ ਹੁੰਦੀ ਜਾ ਰਹੀ ਹੈ। ਸੂਬਾ ਆਫ਼ਤ ਪ੍ਰਬੰਧਨ ਬਲ (ਐੱਸਡੀਆਰਐੱਫ) ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਬਚਾਅ ਕਾਰਜ ਜਾਰੀ ਹਨ ਅਤੇ ਵੱਖ-ਵੱਖ ਏਜੰਸੀਆਂ ਦੇ ਮੁਲਾਜ਼ਮ ਲੋਕਾਂ ਨੂੰ ਲੱਭਣ ਲਈ ਮਲਬਾ ਹਟਾ ਰਹੇ ਹਨ।’’ ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਯਾਤਰਾ ਦੌਰਾਨ ਫਸੇ ਮਹਾਰਾਸ਼ਟਰ ਦੇ 63 ਸ਼ਰਧਾਲੂਆਂ ਨੂੰ ਬਚਾਅ ਲਿਆ ਗਿਆ। ਦੂਜੇ ਪਾਸੇ ਅਮਰਾਵਤੀ ਵਿੱਚ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਸ਼ਰਧਾਲੂਆਂ ਵਿੱਚ 84 ਸੁਰੱਖਿਅਤ ਹਨ ਅਤੇ ਜਦਕਿ 37 ਹਾਲੇ ਲਾਪਤਾ ਹਨ। -ਪੀਟੀਆਈ