ਚੇਨਈ: ਡੀਐਮਕੇ ਪ੍ਰਧਾਨ ਐਮ.ਕੇ. ਸਟਾਲਿਨ ਨੇ ਅੱਜ ਕਿਹਾ ਕਿ ਪੱਤਰਕਾਰਾਂ, ਫੋਟੋ ਪੱਤਰਕਾਰਾਂ ਤੇ ਮੀਡੀਆ ਕੈਮਰਾਮੈਨ ਜੋ ਕਿ ਪ੍ਰਿੰਟ ਤੇ ਬਰਾਡਕਾਸਟ ਮੀਡੀਆ ਵਿਚ ਕੰਮ ਕਰ ਰਹੇ ਹਨ, ਨੂੰ ਮਹਾਮਾਰੀ ਨਾਲ ਨਜਿੱਠਣ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲਿਆਂ (ਫਰੰਟਲਾਈਨ ਵਰਕਰਾਂ) ਦਾ ਦਰਜਾ ਦਿੱਤਾ ਜਾਵੇਗਾ। ਸਟਾਲਿਨ ਨੇ ਕਿਹਾ ਕਿ ਚਾਹੇ ਮੀਂਹ ਤੇ ਚਾਹੇ ਧੁੱਪ ਹੋਵੇ ਜਾਂ ਫਿਰ ਕਰੋਨਾ ਮਹਾਮਾਰੀ ਦਾ ਦੌਰ ਹੋਵੇ, ਮੀਡੀਆ ਸੈਕਟਰ ਦੇ ਕਰਮੀ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਡਿਊਟੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਿੰਟ ਤੇ ਹਰ ਤਰ੍ਹਾਂ ਦੇ ਵਿਜ਼ੂਅਲ ਮੀਡੀਆ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਸਾਰਿਆਂ ਨੂੰ ਫਰੰਟਲਾਈਨ ਵਰਕਰਾਂ ਵਾਲੇ ਲਾਭ-ਸਹੂਲਤਾਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸਟਾਲਿਨ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਤਾਮਿਲਨਾਡੂ ਦੇ ਅਗਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ। -ਪੀਟੀਆਈ