ਨਵੀਂ ਦਿੱਲੀ, 31 ਅਕਤੂਬਰ
ਦੇਸ਼ ਦੇ ਦੋ ਵੱਡੇ ਮੀਡੀਆ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿਚ ਕੁਝ ਪੱਤਰਕਾਰਾਂ ਨੂੰ ਵਾਰ-ਵਾਰ ਪੁੱਛਗਿੱਛ ਲਈ ਪੁਲੀਸ ਸਟੇਸ਼ਨ ਸੱਦਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪੱਤਰਕਾਰਾਂ ਨੂੰ ਲੰਮੀ ਉਡੀਕ ਕਰਵਾਈ ਜਾਂਦੀ ਹੈ। ਇਨ੍ਹਾਂ ਨੂੰ ਕੁਝ ਕੰਮਕਾਜੀ ਸਹਿਯੋਗੀਆਂ (ਪੱਤਰਕਾਰਾਂ) ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿਚ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ। ‘ਪ੍ਰੈੱਸ ਐਸੋਸੀਏਸ਼ਨ’ ਤੇ ‘ਪ੍ਰੈੱਸ ਕਲੱਬ ਆਫ਼ ਇੰਡੀਆ’ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਬਾਰੇ ਮੈਮੋਰੰਡਮ ਸੌਂਪਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜਾਂਚ ਪ੍ਰਕਿਰਿਆ ਵਿਚ ਅੜਿੱਕਾ ਪਾਉਣ ਦਾ ਕੋਈ ਮਕਸਦ ਨਹੀਂ ਹੈ ਪਰ ਪੱਤਰਕਾਰਾਂ ਨੂੰ ਵਾਰ-ਵਾਰ ਸੱਦਣ ਨਾਲ ਉਨ੍ਹਾਂ ਨੂੰ ਆਪਣੀ ਪੇਸ਼ੇਵਰ ਡਿਊਟੀ ਕਰਨ ਵਿਚ ਮੁਸ਼ਕਲ ਆ ਰਹੀ ਹੈ। ਇਸ ਲਈ ਪੱਤਰਕਾਰਾਂ ਨੂੰ ਪੁੱਛਗਿੱਛ ਲਈ ਸੱਦਣ ਤੋਂ ਪਹਿਲਾਂ ਆਪਸੀ ਸਹਿਮਤੀ ਨਾਲ ਸਮਾਂ, ਤਰੀਕ ਤੇ ਸਥਾਨ ਤੈਅ ਕਰਨਾ ਚਾਹੀਦਾ ਹੈ। ਥਾਣੇ ਸੱਦੇ ਜਾਣ ਵਾਲੇ ਕਈ ਪੱਤਰਕਾਰ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ। ਮੀਡੀਆ ਸੰਗਠਨਾਂ ਨੇ ਕਿਹਾ ਕਿ ਪੱਤਰਕਾਰਾਂ ਨੂੰ ਸਾਧਾਰਨ ਸਵਾਲ ਪੁੱਛੇ ਜਾਂਦੇ ਹਨ ਤੇ ਕਈ ਘੰਟਿਆਂ ਬਾਅਦ ਕਈ ਵਾਰ ਰਾਤ ਨੂੰ ਜਾਣ ਦਿੱਤਾ ਜਾਂਦਾ ਹੈ। ਨਾਲ ਹੀ ਮੁੜ ਤੋਂ ਪੇਸ਼ ਹੋਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮਹਾਮਾਰੀ ਦੇ ਮੱਦੇਨਜ਼ਰ ਡਿਊਟੀ ਕਰਨ ਵਿਚ ਹੋਰ ਵੀ ਮੁਸ਼ਕਲ ਆ ਰਹੀ ਹੈ। -ਪੀਟੀਆਈ