ਨਵੀਂ ਦਿੱਲੀ, 16 ਨਵੰਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੌਮੀ ਪ੍ਰੈੱਸ ਦਿਵਸ ਮੌਕੇ ਆਪਣੇ ਸੁਨੇਹੇ ’ਚ ਕਿਹਾ ਹੈ ਕਿ ਮੀਡੀਆ ਕਰਮੀ ਵੀ ਊਨ੍ਹਾਂ ਕਰੋਨਾ ਯੋਧਿਆਂ ’ਚ ਸ਼ਾਮਲ ਹਨ ਜਿਨ੍ਹਾਂ ਲੋਕਾਂ ਨੂੰ ਸਿਖਿਅਤ ਕਰਨ ਅਤੇ ਕਰੋਨਾਵਾਇਰਸ ਦੇ ਅਸਰ ਨੂੰ ਘਟਾਊਣ ’ਚ ਅਹਿਮ ਭੂਮਿਕਾ ਨਿਭਾਈ ਹੈ। ਊਨ੍ਹਾਂ ਪ੍ਰੈੱਸ ਦੀ ਆਜ਼ਾਦੀ ਦੀ ਰਾਖੀ ਲਈ ਪ੍ਰੈੱਸ ਕਾਊਂਸਿਲ ਆਫ਼ ਇੰਡੀਆ (ਪੀਸੀਆਈ) ਦੀ ਵੀ ਸ਼ਲਾਘਾ ਕੀਤੀ। ਊਨ੍ਹਾਂ ਪੀਸੀਆਈ ਵੱਲੋਂ ਅੱਜ ਦੇ ਦਿਵਸ ਦਾ ਵਿਸ਼ਾ ‘ਕੋਵਿਡ-19 ਦੌਰਾਨ ਮੀਡੀਆ ਦੀ ਭੂਮਿਕਾ ਅਤੇ ਇਸ ਦਾ ਮੀਡੀਆ ’ਤੇ ਪ੍ਰਭਾਵ’ ਰੱਖਣ ’ਤੇ ਵੀ ਖੁਸ਼ੀ ਪ੍ਰਗਟਾਈ। ਊਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੀਡੀਆ ਕੋਵਿਡ-19 ਖ਼ਿਲਾਫ਼ ਜਾਗਰੂਕਤਾ ਫੈਲਾਊਣ ’ਚ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। ਪ੍ਰੈੱਸ ਕਾਊਂਸਿਲ ਆਫ਼ ਇੰਡੀਆ ਵੱਲੋਂ ਕਰਵਾਏ ਗਏ ਵੈਬਿਨਾਰ ਨੂੰ ਭੇਜੇ ਲਿਖਤੀ ਸੁਨੇਹੇ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਂ-ਪੱਖੀ ਆਲੋਚਨਾ ਤੇ ਸਹੀ ਰਿਪੋਰਟਾਂ ਨਸ਼ਰ ਕਰਕੇ ਮੀਡੀਆ ਲਗਾਤਾਰ ਮੁਲਕ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ। -ਪੀਟੀਆਈ