ਨਵੀਂ ਦਿੱਲੀ: ਸਿੱਖਿਆ ਸ਼ਾਸਤਰੀ ਪ੍ਰਦੀਪ ਕੁਮਾਰ ਜੋਸ਼ੀ ਨੂੰ ਅੱਜ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜੋਸ਼ੀ ਇਸ ਸਮੇਂ ਕਮਿਸ਼ਨ ਦੇ ਮੈਂਬਰ ਹਨ। ਉਹ ਅਰਵਿੰਦ ਸਕਸੈਨਾ ਦੀ ਥਾਂ ਲੈਣਗੇ। ਯੂਪੀਐੱਸਸੀ ਭਾਰਤ ਦੇ ਨੌਕਰਸ਼ਾਹਾਂ ਅਤੇ ਰਾਜਦੂਤਾਂ ਸਣੇ ਅਹਿਮ ਅਹੁਦਿਆਂ ’ਤੇ ਨਿਯੁਕਤੀ ਲਈ ਸਿਵਲ ਸੇਵਾ ਪ੍ਰੀਖਿਆ ਲੈਂਦਾ ਹੈ। ਉਨ੍ਹਾਂ ਦਾ ਕਾਰਜਕਾਲ 12 ਮਈ 2021 ਤੱਕ ਹੋਵੇਗਾ। ਇਸ ਤੋਂ ਪਹਿਲਾਂ ਸ੍ਰੀ ਜੋਸ਼ੀ ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ ਅਤੇ ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਹਨ। ਪ੍ਰੋ. ਜੋਸ਼ੀ ਨੇ ਆਪਣੇ ਅਕਾਦਮਿਕ ਕਰੀਅਰ ਦੌਰਾਨ 28 ਸਾਲ ਤੱਕ ਪੋਸਟ ਗ੍ਰੈਜੂਏਟ ਤੱਕ ਪੜ੍ਹਾ ਚੁੱਕੇ ਹਨ। -ਪੀਟੀਆਈ