ਨਵੀਂ ਦਿੱਲੀ, 26 ਦਸੰਬਰ
ਸੰਸਦ ਦੀ ਕਾਰਵਾਈ ’ਚੋਂ ਵਿਰੋਧੀ ਧਿਰ ਦੇ ਮੁਅੱਤਲ ਕੀਤੇ ਗਏ 12 ਮੈਂਬਰਾਂ ’ਤੇ ਸਿਆਸੀ ਖਿੱਚੋਤਾਣ ਅਜੇ ਵੀ ਜਾਰੀ ਹੈ। ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਰਾਜ ਸਭਾ ’ਚ ਕਾਂਗਰਸ ਦੇ ਚੀਫ਼ ਵ੍ਹਿੱਪ ਜੈਰਾਮ ਰਮੇਸ਼ ਨੇ ਇਸ ਮੁੱਦੇ ’ਤੇ ਇਕ-ਦੂਜੇ ’ਤੇ ਦੋਸ਼ ਲਾਏ ਹਨ। ਜੋਸ਼ੀ ਨੇ ਟਵੀਟ ਕਰਕੇ ਮੌਨਸੂਨ ਇਜਲਾਸ ਦੌਰਾਨ ਰਾਜ ਸਭਾ ’ਚ ਕੀਤੇ ਗਏ ਹੰਗਾਮੇ ਦਾ ਵੀਡੀਓ ਪੋਸਟ ਕਰਦਿਆਂ ਰਮੇਸ਼ ਨੂੰ ਇਹ ਨੱਥੀ ਕੀਤਾ ਅਤੇ ਕਿਹਾ,‘‘ਲੋਕਾਂ ਦੇ ਨੁਮਾਇੰਦੇ ਵਜੋਂ ਇਹ ਸੰਸਦ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਉਹ ਸਭਾਪਤੀ ਦਾ ਸਨਮਾਨ ਕਰਨ। ਰਮੇਸ਼ ਦੇ ਸਾਥੀਆਂ ਨੇ ਬਹਿਸ ਦੀ ਥਾਂ ’ਤੇ ਅੜਿੱਕੇ ਡਾਹੁਣ ਨੂੰ ਚੁਣਿਆ। ਇਹ ਬੜੀ ਮੰਦਭਾਗੀ ਗੱਲ ਹੈ ਜਿਸ ਨੂੰ ਪੂਰੇ ਮੁਲਕ ਨੇ ਦੇਖਿਆ।’’ ਉਨ੍ਹਾਂ ਕਿਹਾ ਕਿ ਜੇਕਰ 12 ਸੰਸਦ ਮੈਂਬਰ ਮੁਆਫ਼ੀ ਮੰਗ ਲੈਂਦੇ ਤਾਂ ਸਰਕਾਰ ਉਨ੍ਹਾਂ ਦੀ ਮੁਅੱਤਲੀ ਵਾਪਸ ਲੈਣ ਲਈ ਤਿਆਰ ਸੀ ਪਰ ਉਹ ਆਪਣੇ ਵਤੀਰੇ ਨੂੰ ਜਾਇਜ਼ ਠਹਿਰਾ ਰਹੇ ਹਨ। ‘ਤੁਹਾਨੂੰ ਰਾਗਾ (ਰਾਹੁਲ ਗਾਂਧੀ) ਨੂੰ ਖੁਸ਼ ਕਰਨ ਲਈ ਆਪਣੇ ਰਾਹ ਤੋਂ ਨਹੀਂ ਭਟਕਣਾ ਚਾਹੀਦਾ ਹੈ। ਉਸ ਨੂੰ ਜਾ ਕੇ ਦੱਸੋ ਕਿ ਸਤਿਕਾਰ ਕਮਾਇਆ ਜਾਂਦਾ ਹੈ ਨਾ ਕਿ ਇਹ ਮੰਗ ਕੇ ਲਿਆ ਜਾਂਦਾ ਹੈ।’ ਜੋਸ਼ੀ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਰਮੇਸ਼ ਨੇ ਵੀ ਕਿਹਾ,‘‘ਤੁਸੀਂ ਵੀ ਨਮੋ (ਨਰਿੰਦਰ ਮੋਦੀ) ਨੂੰ ਖੁਸ਼ ਕਰਨ ਲਈ ਝੂਠ ਫੈਲਾ ਕੇ ਆਪਣੇ ਰਾਹ ਤੋਂ ਨਾ ਭਟਕੋ, ਜੋ ਝੂਠਿਆਂ ਦਾ ਜਗਤ ਗੁਰੂ ਹੈ। ਜੇਕਰ ਸਰਕਾਰ ਤਾਲਮੇਲ ਦਾ ਰਾਹ ਅਪਣਾਉਂਦੀ ਹੈ ਤਾਂ ਵਿਰੋਧੀ ਧਿਰ ਵੀ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਉਂਦੀ ਹੈ।’’ ਕਾਂਗਰਸ ਆਗੂ ਨੇ ਘਟਨਾ ਵਾਲੇ ਦਿਨ ਰਾਜ ਸਭਾ ’ਚ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਦੀ ਹਾਜ਼ਰੀ ’ਤੇ ਵੀ ਸਵਾਲ ਉਠਾਏ। -ਪੀਟੀਆਈ