ਕੋਲਕਾਤਾ, 28 ਫਰਵਰੀ
ਸੀਪੀਆਈ (ਐੱਮ) ਦੀ ਅਗਵਾਈ ਹੇਠਲੇ ਖੱਬੇ ਮੋਰਚੇ ਅਤੇ ਕਾਂਗਰਸ ਵੱਲੋਂ ਪਹਿਲੀ ਵਾਰ ਸਾਂਝੀ ਰੈਲੀ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ ’ਚ ਕੀਤੀ ਗਈ। ਇਹ ਰੈਲੀ ਕਰਕੇ ਇਸ ਗੱਠਜੋੜ ਨੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮਹਾਰੈਲੀ ’ਚ ਹੁਗਲੀ ਦੇ ਪੀਰਜ਼ਾਦਾ ਅੱਬਾਸ ਸਿੱਦੀਕੀ ਦੀ ਅਗਵਾਈ ਹੇਠਲੇ ਇੰਡੀਅਨ ਸੈਕੁਲਰ ਫਰੰਟ (ਆਈਐੱਸਐੱਫ) ਨੇ ਵੀ ਸ਼ਮੂਲੀਅਤ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਦਾਅਵਾ ਕੀਤਾ ਕਿ ਖੱਬੀਆਂ ਪਾਰਟੀਆਂ-ਕਾਂਗਰਸ ਅਤੇ ਹੋਰ ਧਰਨਿਰਪੱਖ ਤਾਕਤਾਂ ਦਾ ਗੱਠਜੋੜ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੋਵਾਂ ਨੂੰ ਹਰਾਏਗਾ। ਸ੍ਰੀ ਚੌਧਰੀ ਨੇ ਕਿਹਾ ਕਿ ਇਸ ਰੈਲੀ ’ਚ ਇੰਨੀ ਵੱਡੀ ਗਿਣਤੀ ਲੋਕਾਂ ਦਾ ਇਕੱਠਾ ਹੋਣਾ ਸਾਬਤ ਕਰਦਾ ਹੈ ਕਿ ਆਉਣ ਵਾਲੀਆਂ ਚੋਣਾਂ ’ਚ ਮੁਕਾਬਲਾ ਦੋ ਧਿਰਾਂ ਵਿਚਾਲੇ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਤੇ ਟੀਐੱਮਸੀ ਚਾਹੁੰਦੀ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਇਲਾਵਾ ਸੂਬੇ ’ਚ ਕੋਈ ਹੋਰ ਸਿਆਸੀ ਤਾਕਤ ਮੌਜੂਦ ਨਾ ਰਹੇ। ਉਨ੍ਹਾਂ ਕਿਹਾ, ‘ਭਵਿੱਖ ’ਚ ਭਾਜਪਾ ਜਾਂ ਟੀਐੱਮਸੀ ਨਹੀਂ ਹੋਵੇਗੀ ਸਿਰਫ਼ ਮਹਾਗੱਠਜੋੜ ਹੋਵੇਗਾ।’
ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਆਰਐੱਸਐੱਸ-ਭਾਜਪਾ ਦੀਆਂ ਫਿਰਕੂ ਗਤੀਵਿਧੀਆਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਪਹਿਲਾਂ ਟੀਐੱਮਸੀ ਨੂੰ ਹਰਾਇਆ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ’ਚ ਚੋਣਾਂ ਦੌਰਾਨ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਾਲ ਮਿਲਣ ਦੀ ਹਾਲਤ ’ਚ ਮਮਤਾ ਬੈਨਰਜੀ ਮੁੜ ਤੋਂ ਐੱਨਡੀਏ ’ਚ ਸ਼ਾਮਲ ਹੋ ਸਕਦੀ ਹੈ। ਉਨ੍ਹਾਂ ਟੀਐੱਮਸੀ ਤੇ ਭਾਜਪਾ ਵਿਚਾਲੇ ਦੋਸਤਾਨਾ ਮੈਚ ਖੇਡੇ ਜਾਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਗਵਾਂ ਪਾਰਟੀ ਕਰੋਨਾ ਨਾਲ ਨਜਿੱਠਣ ਲਈ ਬਣਾਏ ਗਏ ਪੀਐੱਮ ਕੇਅਰਜ਼ ਫੰਡਾਂ ਦੀ ਵਰਤੋਂ ਚੋਣਾਂ ਦੌਰਾਨ ਨੇਤਾਵਾਂ ਨੂੰ ਖਰੀਦਣ ਲਈ ਕਰ ਰਹੀ ਹੈ। ਇਸੇ ਦੌਰਾਨ ਅੱਬਾਸ ਸਿੱਦੀਕੀ ਦੀ ਅਗਵਾਈ ਹੇਠਲੇ ਇੰਡੀਅਨ ਸੈਕੁਲਰ ਫਰੰਟ ਨੇ ਆਉਂਦੀਆਂ ਚੋਣਾਂ ’ਚ ਭਾਜਪਾ ਤੇ ਟੀਐੱਮਸੀ ਨੂੰ ਹਰਾਉਣ ਦਾ ਅਹਿਦ ਲਿਆ ਅਤੇ ਭਰੋਸਾ ਜ਼ਾਹਿਰ ਕੀਤਾ ਕਿ ਪੱਛਮੀ ਬੰਗਾਲ ਦੇ ਲੋਕ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਉਨ੍ਹਾਂ ਦੇ ਹੰਕਾਰ ਲਈ ਸਬਕ ਸਿਖਾਏਗੀ। ਖੱਖੇ ਮੋਰਚੇ ਤੇ ਸੂਬੇ ’ਚ ਉਸ ਦੇ ਸਹਿਯੋਗੀਆਂ ਦੀ ਹਮਾਇਤ ਦਾ ਦਾਅਵਾ ਕਰਦਿਆਂ ਸਿੱਦੀਕੀ ਨੇ ਕਿਹਾ ਕਿ ਚੋਣਾਂ ’ਚ ਭਾਜਪਾ ਤੇ ਉਸ ਦੀ ਬੀ ਟੀਮ ਮਮਤਾ ਬੈਨਰਜੀ ਮੁਕਾਬਲੇ ਮਹਾਗੱਠਜੋੜ ਨੂੰ ਬਿਹਤਰ ਹੁੰਗਾਰਾ ਮਿਲੇਗਾ। -ਪੀਟੀਆਈ