ਨਵੀਂ ਦਿੱਲੀ: ਸਾਬਕਾ ਕਾਂਗਰਸ ਆਗੂ ਸੁਸ਼ਮਿਤਾ ਦੇਵ ਨੇ ਮੰਗਲਵਾਰ ਨੂੰ ਦੱਸਿਆ ਕਿ ਉਹ ਬਿਨਾਂ ਕਿਸੇ ਸ਼ਰਤ ਤੋਂ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਈ ਹੈ ਤੇ ਉਸ ਨੂੰ ਪਾਰਟੀ ਮੁਖੀ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਨਿਭਾਏਗੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਟੀਐੱਮਸੀ ਵਿੱਚ ਸ਼ਮੂਲੀਅਤ ਕੀਤੀ ਸੀ। ਦੇਵ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਉਸ ਨੇ ਟੀਐੱਮਸੀ ਵਿੱਚ ਸ਼ਾਮਲ ਹੋ ਕੇ ਆਪਣੀ ਵਿਚਾਰਧਾਰਾ ਨਾਲ ਕੋਈ ਸਮਝੌਤਾ ਕੀਤਾ ਹੈ। ਜੋ ਵੀ ਜ਼ਿੰੰਮੇਵਾਰੀ ਉਸ ਨੂੰ ਸੌਂਪੀ ਜਾਵੇਗੀ, ਉਹ ਨਿਭਾਏਗੀ। ਸਾਬਕਾ ਸੰਸਦ ਮੈਂਬਰ ਦੇਵ, ਕਾਂਗਰਸ ਪਾਰਟੀ ਦੀ ਤਰਜ਼ਮਾਨ ਅਤੇ ਕੁੱਲ ਹਿੰਦ ਮਹਿਲਾ ਕਾਂਗਰਸ ਦੀ ਪ੍ਰਧਾਨ ਸੀ। ਸੂਤਰਾਂ ਮੁਤਾਬਕ ਸੁਸ਼ਮਿਤਾ ਨੇ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਦੇਵ ਨੇ ਕਿਹਾ ਕਿ ਉਸ ਨੇ ਸਿਆਸਤ ਵਿੱਚ ਆਪਣੇ 30 ਸਾਲਾਂ ਦੇ ਵਕਫ਼ੇ ਦੌਰਾਨ ਕਾਂਗਰਸ ਹਾਈ ਕਮਾਨ ਤੋਂ ਕਦੇ ਕੋਈ ਮੰਗ ਨਹੀਂ ਕੀਤੀ। -ਪੀਟੀਆਈ