ਕੋਲਕਾਤਾ, 24 ਜੁਲਾਈ
ਸਕੂਲ ਨੌਕਰੀ ਘੁਟਾਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਦੀ ‘ਨੇੜਲੀ ਸਹਿਯੋਗੀ’ ਅਰਪਿਤਾ ਮੁਖਰਜੀ ਦਾ ਸ਼ਹਿਰ ਦੀ ਇਕ ਅਦਾਲਤ ਨੇ ਈਡੀ ਨੂੰ ਇਕ ਦਿਨ ਦਾ ਰਿਮਾਂਡ ਦਿੱਤਾ ਹੈ। ਮੁਖਰਜੀ ਨੂੰ ਈਡੀ ਨੇ ਸ਼ਨਿਚਰਵਾਰ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਪਹਿਲਾਂ ਮੁਖਰਜੀ ਤੋਂ ਉਸ ਦੀ ਦੱਖਣੀ ਕੋਲਕਾਤਾ ਸਥਿਤ ਰਿਹਾਇਸ਼ ਉਤੇ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਸੀ। ਮੁਖਰਜੀ ਦੇ ਅਪਾਰਟਮੈਂਟ ਵਿਚੋਂ ਹੀ ਕੇਂਦਰੀ ਏਜੰਸੀ ਨੂੰ ਕਰੋੜਾਂ ਰੁਪਏ ਨਗਦ ਤੇ ਹੋਰ ਕੀਮਤੀ ਸਾਮਾਨ ਮਿਲਿਆ ਸੀ। ਮੈਟਰੋਪਾਲਿਟਨ ਮੈਜਿਸਟਰੇਟ ਨੇ ਹੁਕਮ ਦਿੱਤਾ ਕਿ ਈਡੀ ਭਲਕੇ ਮੁੜ ਮੁਖਰਜੀ ਨੂੰ ਅਦਾਲਤ ਵਿਚ ਪੇਸ਼ ਕਰੇ। ਇਸ ਤੋਂ ਪਹਿਲਾਂ ਈਡੀ ਦੇ ਵਕੀਲ ਨੇ ਮੁਖਰਜੀ ਦੀ 14 ਦਿਨਾਂ ਦੀ ਹਿਰਾਸਤ ਮੰਗੀ ਸੀ। ਇਸੇ ਦੌਰਾਨ ਟੀਐਮਸੀ ਨੇ ਅੱਜ ਮੰਗ ਕੀਤੀ ਕਿ ਈਡੀ ਇਸ ਮਾਮਲੇ ਦੀ ਜਾਂਚ ਤੈਅ ਸਮੇਂ ਵਿਚ ਮੁਕੰਮਲ ਕਰੇ। ਪਾਰਟੀ ਨੇ ਕਿਹਾ ਕਿ ਉਹ ਜਾਂਚ ਵਿਚ ਕੋਈ ਸਿਆਸੀ ਦਖ਼ਲ ਨਹੀਂ ਦੇਵੇਗੀ। ਟੀਐਮਸੀ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ ਕਿ ਪਾਰਟੀ ਦਾ ਅਰਪਿਤਾ ਮੁਖਰਜੀ ਨਾਲ ਕੋਈ ਸਬੰਧ ਨਹੀਂ ਹੈ। ਘੋਸ਼ ਨੇ ਕਿਹਾ ਕਿ ਸੀਬੀਆਈ ਸ਼ਾਰਦਾ ਚਿਟ ਫੰਡ ਘੁਟਾਲੇ ਦੀ ਜਾਂਚ ਵੀ 2014 ਤੋਂ ਕਰ ਰਹੀ ਹੈ। ਪਰ ਹਾਲੇ ਤੱਕ ਕਿਸੇ ਨਤੀਜੇ ਉਤੇ ਨਹੀਂ ਪਹੁੰਚੀ। ਉਨ੍ਹਾਂ ਕਿਹਾ ਕਿ ਜਾਂਚ ਵਿਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਵਿਰੋਧੀ ਧਿਰਾਂ ਇਸ ਤਰ੍ਹਾਂ ਦੀ ਜਾਂਚ ਦੀ ਵਰਤੋਂ ਵਰਤਮਾਨ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਕਰਦੀਆਂ ਹਨ। ਘੋਸ਼ ਨੇ ਦੋਸ਼ ਲਾਇਆ ਕਿ ਟੀਐਮਸੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਦਾ ਕੋਈ ਆਗੂ ਕੋਈ ਗਲਤ ਕੰਮ ਕਰਦਾ ਫੜਿਆ ਜਾਂਦਾ ਹੈ ਤਾਂ ਕਾਰਵਾਈ ਹੋਣੀ ਚਾਹੀਦੀ ਹੈ। -ਪੀਟੀਆਈ
ਚੈਟਰਜੀ ਨੂੰ ਹਸਪਤਾਲ ਭੇਜਣ ਖ਼ਿਲਾਫ਼ ਈਡੀ ਵੱਲੋਂ ਹਾਈ ਕੋਰਟ ਦਾ ਰੁਖ਼
ਪੱਛਮੀ ਬੰਗਾਲ ਦੇ ਗ੍ਰਿਫ਼ਤਾਰ ਮੰਤਰੀ ਪਾਰਥਾ ਚੈਟਰਜੀ ਨੂੰ ਸਰਕਾਰੀ ਹਸਪਤਾਲ ਦਾਖਲ ਕਰਾਉਣ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਈਡੀ ਨੇ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਵਿਚ ਫ਼ੈਸਲਾ ਰਾਖ਼ਵਾਂ ਰੱਖ ਲਿਆ ਹੈ। ਹੇਠਲੀ ਅਦਾਲਤ ਨੇ ਸ਼ਨਿਚਰਵਾਰ ਚੈਟਰਜੀ ਦਾ ਈਡੀ ਨੂੰ ਦੋ ਦਿਨਾਂ ਦਾ ਰਿਮਾਂਡ ਦਿੱਤਾ ਸੀ। ਮੰਤਰੀ ਦੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਤੇ ਮੈਡੀਕਲ ਇਲਾਜ ਦੀ ਲੋੜ ਹੈ। ਇਸ ’ਤੇ ਅਦਾਲਤ ਨੇ ਚੈਟਰਜੀ ਨੂੰ ਹਸਪਤਾਲ ਦਾਖਲ ਕਰਾਉਣ ਦੇ ਹੁਕਮ ਦਿੱਤੇ ਸਨ। ਹਾਲਾਂਕਿ ਅੱਜ ਹਾਈ ਕੋਰਟ ਨੇ ਈਡੀ ਨੂੰ ਹੁਕਮ ਦਿੱਤਾ ਕਿ ਚੈਟਰਜੀ ਨੂੰ ਏਅਰ ਐਂਬੂਲੈਂਸ ਰਾਹੀਂ ਏਮਸ ਭੁਬਨੇਸ਼ਵਰ ਲਿਜਾਇਆ ਜਾਵੇ ਤੇ ਭਲਕੇ ਕੋਲਕਾਤਾ ਦੇ ਈਡੀ ਕੋਰਟ ਅੱਗੇ ਆਨਲਾਈਨ ਪੇਸ਼ ਕੀਤਾ ਜਾਵੇ। -ਪੀਟੀਆਈ