ਕੋਲਕਾਤਾ, 6 ਜੂਨ
ਪੁਲੀਸ ਨੇ ਫਰਜ਼ੀ ਸਰਕਾਰੀ ਨੌਕਰੀ ਘੁਟਾਲੇ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਦੇ ਇੱਕ ਨੇੜਲੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਲਿਆਣਗੜ੍ਹ ਦੇ ਇੱਕ ਵਸਨੀਕ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਮਗਰੋਂ ਰਾਖਲ ਬੇਰਾ ਨੂੰ ਉਸ ਦੀ ਰਿਹਾਇਸ਼ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਅਨੁਸਾਰ ਬੇਰਾ ਤੇ ਉਸ ਦੇ ਸਾਥੀਆਂ ਨੇ ਲੋਕਾਂ ਨੂੰ ਰਾਜ ਦੇ ਸਿੰਜਾਈ ਤੇ ਜਲ ਵਿਭਾਗ ’ਚ ਦਰਜਾ ਚਾਰ ਦੀਆਂ ਨੌਕਰੀਆਂ ਦਿਵਾਉਣ ਦੇ ਨਾਂ ’ਤੇ ਵੱਡੀ ਮਾਤਰਾ ’ਚ ਪੈਸੇ ਇਕੱਠੇ ਕੀਤੇ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਬੇਰਾ ਨੇ ਖੁਦ ਉਸ ਤੋਂ ਦੋ ਲੱਖ ਰੁਪਏ ਲਏ ਸਨ। ਉਸ ਨੇ ਦੋਸ਼ ਲਾਇਆ ਕਿ ਪੈਸੇ ਲੈਣ ਦੇ ਬਾਵਜੂਦ ਬੇਰਾ ਨੇ ਉਸ ਨੂੰ ਨੌਕਰੀ ਨਹੀਂ ਦਿਵਾਈ। ਉਨ੍ਹਾਂ ਕਿਹਾ ਕਿ ਬੇਰਾ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 12 ਜੂਨ ਤੱਕ ਪੁਲੀਸ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। -ਪੀਟੀਆਈ