ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਨਵੰਬਰ
ਜਵਹਾਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਵਿਦਿਆਰਥੀਆਂ ਅਤੇ ਏੇਬੀਵੀਪੀ ਕਾਰਕੁਨਾਂ ਵਿਚਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਹਾਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਯੂਨੀਵਰਸਿਟੀ ਵਿੱਚ ਟਕਰਾਅ ਹੋਣ ਕਾਰਨ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਐਤਵਾਰ ਦੇਰ ਸ਼ਾਮ ਵਾਪਰੀ ਇਸ ਘਟਨਾ ਬਾਰੇ ਦਿੱਲੀ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੇਐੱਨਯੂ ਵਿਦਿਆਰਥੀ ਯੂਨੀਅਨ ਤੇ ਆਰਐੱਸਐੱਸ ਦੀ ਅਖ਼ਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਵੱਲੋਂ ਇੱਕ ਦੂਜੇ ਖ਼ਿਲਾਫ਼ ਹਿੰਸਾ ਕਰਨ ਦੇ ਦੋਸ਼ ਲਾਏ ਗਏ ਹਨ। ਖੱਬੀਆਂ ਧਿਰਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ (ਬਾਲ ਦਿਵਸ) ਮੌਕੇ 14 ਨਵੰਬਰ ਨੂੰ ਵਿਦਿਆਰਥੀ ਜਥੇਬੰਦੀ ਵੱਲੋਂ ਹਾਲ ਬੁੱਕ ਕਰਵਾਇਆ ਗਿਆ ਸੀ। ਜਿਉਂ ਹੀ ਵਿਦਿਆਰਥੀ ਸਮਾਗਮ ਕਰਨ ਲਈ ਹਾਲ ਵਿੱਚ ਪਹੁੰਚੇ ਤਾਂ ਉੱਥੇ ਏਬੀਵੀਪੀ ਦੇ ਲਗਪਗ 15 ਵਿਦਿਆਰਥੀਆਂ ਨੇ ਹਾਲ ਮੱਲਿਆ ਹੋਇਆ ਸੀ। ਹਾਲ ਬੁੱਕ ਕਰਵਾਉਣ ਵਾਲਿਆਂ ਨੇ ਏਬੀਵੀਪੀ ਦੇ ਕਾਰਕੁਨਾਂ ਨੂੰ ਹਾਲ ਖਾਲੀ ਕਰਨ ਲਈ ਕਿਹਾ ਤਾਂ ਦੋਵਾਂ ਧਿਰਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਖੱਬੀਆਂ ਧਿਰਾਂ ਦੇ ਵਿਦਿਆਰਥੀਆਂ ਨੇ ਕਿਹਾ ਕਿ ਏਬੀਵੀਪੀ ਦੇ ਕਾਰਕੁਨਾਂ ਨੇ ਹਿੰਸਾ ਕਰਨੀ ਸ਼ੁਰੂ ਕਰ ਦਿੱਤੀ। ਜੇਐੱਨਯੂ ਵਿਦਿਆਰਥੀ ਯੂਨੀਅਨ ਪ੍ਰਧਾਨ ਤੇ ਐੱਸਐੱਫਆਈ ਕਾਰਕੁਨ ਆਸ਼ੀ ਘੋਸ਼ ਨੇ ਕਥਿਤ ਦੋਸ਼ ਲਾਇਆ ਕਿ ਏਬੀਵੀਪੀ ਦੇ ਅਨਸਰਾਂ ਨੇ ਹਿੰਸਾ ਕੀਤੀ ਤੇ ਕੈਂਪਸ ਦੀਆਂ ਲੋਕਤੰਤਰੀ ਰਵਾਇਤਾਂ ਦਾ ਘਾਣ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਕੀ ਜੇਐੱਨਯੂ ਪ੍ਰਸ਼ਾਸਨ ਅਜਿਹੇ ਅਨਸਰਾਂ ’ਤੇ ਚੁੱਪ ਰਹੇਗਾ? ਅਨਸਰਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਵੇਗੀ? ਉਨ੍ਹਾਂ ਵਿਦਿਆਰਥੀਆਂ ਦੀ ਹਿੰਸਾ ਨਾਲ ਜੁੜੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਦੂਜੇ ਪਾਸੇ ਏਬੀਵੀਪੀ ਵੱਲੋਂ ਮੰਗ ਕੀਤੀ ਗਈ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਤੇ ਦਿੱਲੀ ਪੁਲੀਸ ਕਥਿਤ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।