ਸ੍ਰੀਨਗਰ, 11 ਫਰਵਰੀ
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਲਬਿਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਸੰਸਥਾਪਕ ਮੁਹੰਮਦ ਮਕਬੂਲ ਭੱਟ ਦੀ 37ਵੀਂ ਬਰਸੀ ਮੌਕੇ ਬੰਦ ਕਾਰਨ ਅੱਜ ਕਸ਼ਮੀਰ ’ਚ ਜਨਜੀਵਨ ਪ੍ਰਭਾਵਿਤ ਹੋਇਆ। ਜ਼ਿਕਰਯੋਗ ਹੈ ਕਿ ਭੱਟ ਨੂੰ 11 ਫਰਵਰੀ 1984 ਨੂੰ ਦਿੱਲੀ ਦੀ ਤਿਹਾੜ ਜੇਲ੍ਹ ’ਚ ਫਾਂਸੀ ਦਿੱਤੀ ਗਈ ਸੀ। ਅਧਿਕਾਰੀਆਂ ਮੁਤਾਬਕ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ’ਚ ਅੱਜ ਜ਼ਿਆਦਾਤਰ ਦੁਕਾਨਾਂ, ਤੇਲ ਪੰਪ ਅਤੇ ਹੋਰ ਕਾਰੋੋਬਾਰਾਂ ਬੰਦ ਰਹੇ ਅਤੇ ਜਨਤਕ ਵਾਹਨ ਵੀ ਸੜਕਾਂ ’ਤੇ ਦਿਖਾਈ ਨਾ ਦਿੱਤੇ। ਹਾਲਾਂਕਿ ਨਿੱਜੀ ਕਾਰਾਂ, ਟੈਕਸੀਆਂ ਤੇ ਆਟੋ-ਰਿਕਸ਼ੇ ਸ਼ਹਿਰ ’ਚ ਚੱਲਦੇ ਰਹੇ। ਅਧਿਕਾਰੀਆਂ ਮੁਤਾਬਕ ਘਾਟੀ ਦੇ ਹੋਰ ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਵੀ ਇਸੇ ਤਰ੍ਹਾਂ ਬੰਦ ਰਹਿਣ ਦੀਆਂ ਰਿਪੋਰਟਾਂ ਮਿਲੀਆਂ ਹਨ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਸ਼ਹਿਰ ਅਤੇ ਘਾਟੀ ’ਚ ਸੁਰੱਖਿਆ ਬਲ ਤੈਨਾਤ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਜੇਕੇਐੱਲਐੱਫ ਵੱਲੋਂ ਸੰਸਦ ’ਤੇ ਹਮਲੇ ਦੇ ਦੋਸ਼ੀ ਮੁਹੰਮਦ ਅਫ਼ਜ਼ਲ ਗੁਰੂ ਅਤੇ ਸੰਗਠਨ ਦੇ ਸੰਸਥਾਪਕ ਮੁਹੰਮਦ ਮਕਬੂਲ ਭੱਟ ਦੀ ਬਰਸੀ ਮੌਕੇ 9 ਅਤੇ 11 ਫਰਵਰੀ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸ਼ਹਿਰ ਦੇ ਕੁਝ ਇਲਾਕਿਆਂ ’ਚ ਹੁਰੀਅਤ ਕਾਨਫਰੰਸ ਵੱਲੋਂ ਕਥਿਤ ਤੌਰ ’ਤੇ ਜਾਰੀ ਪੋਸਟਰ ਲੱਗੇ ਹੋਏ ਵੀ ਦਿਖਾਈ ਦਿੱਤੇ, ਜਿਨ੍ਹਾਂ ਵਿੱਚ ਮੰਗਲਵਾਰ ਅਤੇ ਵੀਰਵਾਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਪੋਸਟਰਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ।
-ਪੀਟੀਆਈ