ਗਾਂਧੀਨਗਰ, 21 ਸਤੰਬਰ
ਗੁਜਰਾਤ ਵਿਧਾਨ ਸਭਾ ਵਿੱਚ ਨਿਯਮਾਂ ਦੇ ਉਲਟ ਵਿਹਾਰ ਕਰਨ ਦੇ ਦੋਸ਼ ਹੇਠ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਅਤੇ ਵਿਰੋਧੀ ਧਿਰ ਕਾਂਗਰਸ ਦੇ 14 ਵਿਧਾਇਕਾਂ ਨੂੰ ਅੱਜ ਦਿਨ ਭਰ ਲਈ ਮੁੱਅਤਲ ਕਰ ਦਿੱਤਾ ਗਿਆ ਅਤੇ ਮਾਰਸ਼ਲਾਂ ਦੀ ਮਦਦ ਨਾਲ ਉਨ੍ਹਾਂ ਨੂੰ ਸਦਨ ’ਚੋਂ ਬਾਹਰ ਕੱਢਿਆ ਗਿਆ। ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਨੇਤਾ ਸੁਖਰਾਮ ਰਾਠਵਾ ਨੇ ਸੰਘਰਸ਼ ਕਰ ਰਹੇ ਸਰਕਾਰੀ ਮੁਲਾਜ਼ਮਾਂ, ਕਿਸਾਨਾਂ, ਆਂਗਣਵਾੜੀ ਵਰਕਰਾਂ ਅਤੇ ਸਾਬਕਾ ਸੈਨਿਕਾਂ ਨਾਲ ਸਬੰਧਤ ਮੁੱਦਿਆਂ ’ਤੇ ਅੱਧਾ ਘੰਟਾ ਵਿਸ਼ੇਸ਼ ਚਰਚਾ ਕਰਨ ਦੀ ਮੰਗ ਕੀਤੀ। ਜਦੋਂ ਸਪੀਕਰ ਨਿਮਾਬੇਨ ਆਚਾਰਿਆ ਨੇ ਰਾਠਵਾ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਮੇਵਾਨੀ ਅਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਅੱਗੇ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ‘ਮੁਲਾਜ਼ਮਾਂ ਨੂੰ ਇਨਸਾਫ ਦਿਓ’, ‘ਜੰਗਲਾਤ ਮੁਲਾਜ਼ਮਾਂ ਨੂੰ ਇਨਸਾਫ ਦਿਓ’ ਅਤੇ ‘ਸਾਬਕਾ ਸੈਨਿਕਾਂ ਨੂੰ ਇਨਸਾਫ ਦਿਓ’ ਦੇ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ।
ਆਪਣੇ ਪਾਰਟੀ ਸਾਥੀਆਂ ਦੀ ਲਗਾਤਾਰ ਨਾਅਰੇਬਾਜ਼ੀ ਦੌਰਾਨ ਵਿਰੋਧੀ ਧਿਰ ਦੇ ਉਪ ਨੇਤਾ ਸ਼ੈਲੇਸ਼ ਪਰਮਾਰ ਨੇ ਸਵਾਲ ਕੀਤਾ ਕਿ ਜਦੋਂ ਲਗਪਗ ਸਾਰੇ ਵਿਭਾਗਾਂ ਦੇ ਵੱਡੀ ਗਿਣਤੀ ਕਰਮਚਾਰੀ ਆਪਣੇ ਬਕਾਇਆ ਕੇਸਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਤਾਂ ਭਾਜਪਾ ਇਨ੍ਹਾਂ ਮੁੱਦਿਆਂ ’ਤੇ ਚਰਚਾ ਕਰਨ ਲਈ ਤਿਆਰ ਕਿਉਂ ਨਹੀਂ ਹੈ?’’
ਜਦੋਂ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਸਪੀਕਰ ਦੇ ਨਿਰਦੇਸ਼ਾਂ ਅਨੁਸਾਰ ਆਪਣੀਆਂ ਸੀਟਾਂ ’ਤੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਵਿਧਾਨਕ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਰਾਜੇਂਦਰ ਤ੍ਰਿਵੇਦੀ ਨੇ ਇਨ੍ਹਾਂ ਨੂੰ ਮੁਅੱਤਲ ਕਰਨ ਦੀ ਤਜਵੀਜ਼ ਰੱਖੀ। ਤਜਵੀਜ਼ ਨੂੰ ਬਹੁਮਤ ਮਿਲਣ ’ਤੇ ਮੇਵਾਨੀ ਅਤੇ 14 ਹੋਰ ਕਾਂਗਰਸੀ ਵਿਧਾਇਕਾਂ ਨੂੰ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਕੀਤੇ ਜਾਣ ਤੋਂ ਬਾਅਦ ਵੀ ਜਦੋਂ ਵਿਧਾਇਕਾਂ ਨੇ ਸਦਨ ਛੱਡਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਮਾਰਸ਼ਲਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। -ਪੀਟੀਆਈ