ਰਾਂਚੀ, 5 ਸਤੰਬਰ
ਮੁੱਖ ਅੰਸ਼
- ਭਾਜਪਾ ਵੱਲੋਂ ਵਿਧਾਨ ਸਭਾ ਵਿੱਚੋਂ ਵਾਕਆਊਟ
ਝਾਰਖੰਡ ਵਿਚ ਹੇਮੰਤ ਸੋਰੇਨ ਦੀ ਸਰਕਾਰ ਨੇ ਅੱਜ ਵਿਧਾਨ ਸਭਾ ’ਚ ਬਹੁਮਤ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਵੱਡੇ ਫ਼ਰਕ ਨਾਲ ਭਰੋਸੇ ਦਾ ਵੋਟ ਹਾਸਲ ਕਰ ਲਿਆ। ਇਸ ਨਾਲ ਹੁਣ ਆਦਿਵਾਸੀ ਆਗੂ ਤੇ ਮੁੱਖ ਮੰਤਰੀ ਸੋਰੇਨ ਦੀ ਰਾਜ ਉਤੇ ਪਕੜ ਮਜ਼ਬੂਤ ਹੋਵੇਗੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਵਿਧਾਇਕੀ ਖੁੱਸਣ ਦਾ ਖ਼ਦਸ਼ਾ ਹੈ ਤੇ ਇਸ ਨਾਲ ਜੇਐਮਐਮ ਦੀ ਅਗਵਾਈ ਵਾਲੀ ਸਰਕਾਰ ਦੇ ਕਮਜ਼ੋਰ ਪੈਣ ਬਾਰੇ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ। 81 ਮੈਂਬਰੀ ਵਿਧਾਨ ਸਭਾ ਵਿਚ ਅੱਜ 48 ਵਿਧਾਇਕਾਂ ਨੇ ਭਰੋਸੇ ਦੇ ਮਤੇ ਦੇ ਹੱਕ ਵਿਚ ਵੋਟ ਪਾਈ। ਇਨ੍ਹਾਂ ਵਿਚ ਜੇਐਮਐਮ ਦੇ 29 ਤੇ ਕਾਂਗਰਸ ਦੇ 15 ਵਿਧਾਇਕ ਸ਼ਾਮਲ ਹਨ। ਆਰਜੇਡੀ, ਐੱਨਸੀਪੀ ਤੇ ਸੀਪੀਆਈਐਮਐਲ (ਐਲ) ਦੇ ਇਕ-ਇਕ ਵਿਧਾਇਕ ਅਤੇ ਇਕ ਆਜ਼ਾਦ ਵਿਧਾਇਕ ਨੇ ਵੀ ਸੋਰੇਨ ਸਰਕਾਰ ਦੇ ਹੱਕ ਵਿਚ ਵੋਟ ਪਾਈ। ਜਦਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਨੇ ਵਾਕਆਊਟ ਕੀਤਾ। ਵਿਸ਼ੇਸ਼ ਸੈਸ਼ਨ ਵਿਚ ਬੋਲਦਿਆਂ ਸੋਰੇਨ ਨੇ ਕਿਹਾ ਕਿ ਭਰੋਸੇ ਦੀ ਵੋਟ ਹਾਸਲ ਕਰਨ ਦੀ ਲੋੜ ਸੀ ਕਿਉਂਕਿ ਭਾਰਤੀ ਜਨਤਾ ਪਾਰਟੀ, ਗ਼ੈਰ-ਭਾਜਪਾ ਸ਼ਾਸਿਤ ਰਾਜਾਂ ਵਿਚ ‘ਲੋਕਤੰਤਰਿਕ ਢੰਗ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ‘25 ਅਗਸਤ ਨੂੰ ਮੀਡੀਆ ਵੱਲੋਂ ਇਹ ਰਿਪੋਰਟ ਕਰਨ ਕਿ ਚੋਣ ਕਮਿਸ਼ਨ ਨੇ ਰਾਜਪਾਲ ਨੂੰ ਉਨ੍ਹਾਂ ਦੀ ਵਿਧਾਇਕੀ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਹੈ, ਤੋਂ ਬਾਅਦ ਰਾਜ ਵਿਚ ਬੇਯਕੀਨੀ ਦਾ ਮਾਹੌਲ ਬਣਿਆ ਹੋਇਆ ਹੈ। ਪਰ ਰਾਜਪਾਲ ਅਜੇ ਵੀ ਚੁੱਪ ਹਨ।’ ਜ਼ਿਕਰਯੋਗ ਹੈ ਕਿ ਭਾਜਪਾ ਨੇ ਲਾਭ ਦੇ ਅਹੁਦੇ ਵਾਲੇ ਕੇਸ ਵਿਚ ਚੋਣ ਕਮਿਸ਼ਨ ਤੋਂ ਸੋਰੇਨ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ, ‘ਯੂਪੀਏ ਦਾ ਇਕ ਵਫ਼ਦ ਇਸ ਸਬੰਧੀ ਰਾਜਪਾਲ ਨੂੰ ਮਿਲਿਆ ਸੀ ਤੇ ਮਾਮਲਾ ਸਪੱਸ਼ਟ ਕਰਨ ਲਈ ਕਿਹਾ ਸੀ। ਰਾਜਪਾਲ ਨੇ ਯਕੀਨ ਦਿਵਾਇਆ ਕਿ ਦੋ-ਤਿੰਨ ਦਿਨਾਂ ਵਿਚ ਕੁਝ ਸਪੱਸ਼ਟ ਹੋਵੇਗਾ, ਇਸ ਤੋਂ ਬਾਅਦ ਰਾਜਪਾਲ ਪਿਛਲੇ ਦਰਵਾਜ਼ਿਓਂ ਦਿੱਲੀ ਵੀ ਗਏ।’ -ਪੀਟੀਆਈ
ਚੋਣਾਂ ਜਿੱਤਣ ਲਈ ਦੰਗੇ ਭੜਕਾ ਰਹੀ ਹੈ ਭਾਜਪਾ: ਸੋਰੇਨ
ਹੇਮੰਤ ਸੋਰੇਨ ਨੇ ਦੋਸ਼ ਲਾਇਆ ਕਿ ਭਾਜਪਾ ‘ਚੋਣਾਂ ਜਿੱਤਣ ਲਈ ਮੁਲਕ ਵਿਚ ਦੰਗੇ ਭੜਕਾ ਕੇ ਖਾਨਾਜੰਗੀ ਵਰਗੇ ਹਾਲਾਤ’ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਦੁਮਕਾ ਵਿਚ ਵਾਪਰੀਆਂ ਜਬਰ-ਜਨਾਹ ਤੇ ਹੱਤਿਆ ਦੀਆਂ ਘਟਨਾਵਾਂ ਕਰ ਕੇ ਸੋਰੇਨ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ’ਤੇ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦਾ ਦੋਸ਼ ਲਾਉਂਦਿਆਂ ਸੋਰੇਨ ਨੇ ਕਿਹਾ ਕਿ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਝਾਰਖੰਡ ਦੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਸੀ।