ਰਾਂਚੀ (ਝਾਰਖੰਡ), 28 ਅਗਸਤ
ਝਾਰਖੰਡ ਵਿੱਚ ਜਾਰੀ ਸਿਆਸੀ ਹਲਚਲ ਦੌਰਾਨ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅੱਜ ਕਾਂਗਰਸ ਦੇ ਸੂਬਾਈ ਇੰਚਾਰਜ ਅਵਿਨਾਸ਼ ਪਾਂਡੇ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਵਿਚਾਲੇ ਇਹ ਮੀਟਿੰਗ ਸਟੇਟ ਗੈਸਟ ਹਾਊਸ ਵਿੱਚ ਹੋਈ ਜਿਥੇ ਮੌਜੂਦਾ ਸਿਆਸੀ ਹਾਲਾਤ ਨਾਲ ਨਜਿੱਠਣ ਲਈ ਅਗਲੀ ਰਣਨੀਤੀ ਬਾਰੇ ਗੱਲਬਾਤ ਕੀਤੀ ਗਈ। ਮੁੱਖ ਮੰਤਰੀ ਨੂੰ ਅਯੋਗ ਠਹਿਰਾਉਣ ਬਾਰੇ ਰਾਜਪਾਲ ਵੱਲੋਂ ਫੈਸਲਾ ਲੈਣ ਵਿੱਚ ਕੀਤੀ ਜਾ ਰਹੀ ਦੇਰੀ ਬਾਰੇੇ ਜਦੋਂ ਸ੍ਰੀ ਸੋਰੇਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਇਸ ਸਵਾਲ ਦਾ ਜਵਾਬ ਤਾਂ ਰਾਜਪਾਲ ਰਮੇਸ਼ ਬੈਸ ਹੀ ਠੀਕ ਤਰ੍ਹਾਂ ਦੇ ਸਕਦੇ ਹਨ।’ ਇਸ ਮੀਟਿੰਗ ਮਗਰੋਂ ਝਾਰਖ਼ੰਡ ਕਾਂਗਰਸ ਦੇ ਮੁਖੀ ਰਾਜੇਸ਼ ਠਾਕੁਰ ਨੇ ਕਿਹਾ ਕਿ ਇਹ ਮੀਟਿੰਗ ਮੁੱਖ ਮੰਤਰੀ ਤੇ ਕਾਂਗਰਸ ਦੇ ਸੂਬਾਈ ਇੰਚਾਰਜ ਅਵਿਨਾਸ਼ ਪਾਂਡੇ ਦਰਮਿਆਨ ਹੋਈ ਹੈ। ਦੋਹਾਂ ਆਗੂਆਂ ਵਿੱਚ ਜੋ ਵੀ ਗੱਲਬਾਤ ਹੋਈ ਹੈ ਉਸ ਨੂੰ ਫਿਲਹਾਲ ਜਨਤਕ ਨਹੀਂ ਕੀਤਾ ਜਾ ਸਕਦਾ। -ਏਐੱਨਆਈ