ਨਵੀਂ ਦਿੱਲੀ: ਗ਼ੈਰਕਾਨੂੰਨੀ ਮਾਈਨਿੰਗ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇਕ ਕੇਸ ਦੇ ਸਬੰਧ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (47) ਨੂੰ ਪੁੱਛ-ਪੜਤਾਲ ਲਈ 3 ਨਵੰਬਰ ਨੂੰ ਤਲਬ ਕੀਤਾ ਹੈ। ਅਧਿਕਾਰੀਆਂ ਨੇ ਸੋਰੇਨ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਈਡੀ ਦੇ ਖੇਤਰੀ ਦਫ਼ਤਰ ’ਚ ਵੀਰਵਾਰ ਸਵੇਰੇ 11 ਵਜੇ ਸੱਦਿਆ ਹੈ। ਇਸ ਤੋਂ ਪਹਿਲਾਂ ਈਡੀ ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੋਂ ਰੋਕਣ ਸਬੰਧੀ ਐਕਟ ਤਹਿਤ ਸੋਰੇਨ ਦੇ ਸਾਥੀ ਪੰਕਜ ਮਿਸ਼ਰਾ ਅਤੇ ਬਾਹੂਬਲੀਆਂ ਬੱਚੂ ਯਾਦਵ ਤੇ ਪ੍ਰੇਮ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਇਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਗ਼ੈਰਕਾਨੂੰਨੀ ਮਾਈਨਿੰਗ ਨਾਲ ਸਬੰਧਤ ਮਾਮਲੇ ਦਾ ਪਤਾ ਲੱਗਾ ਹੈ। ਈਡੀ ਨੇ 8 ਜੁਲਾਈ ਨੂੰ ਮਿਸ਼ਰਾ ਅਤੇ ਉਸ ਦੇ ਸਾਥੀਆਂ ਦੇ 19 ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਈਡੀ ਨੇ ਰਾਂਚੀ ਦੀ ਵਿਸ਼ੇਸ਼ ਅਦਾਲਤ ’ਚ ਦਾਖ਼ਲ ਚਾਰਜਸ਼ੀਟ ’ਚ ਕਿਹਾ ਹੈ ਕਿ ਮੁੱਖ ਮੰਤਰੀ ਦਾ ਨੇੜਲਾ ਮਿਸ਼ਰਾ ਗ਼ੈਰਕਾਨੂੰਨੀ ਮਾਈਨਿੰਗ ਕਾਰੋਬਾਰ ਨੂੰ ਕੰਟਰੋਲ ਕਰ ਰਿਹਾ ਸੀ। ਹੁਣ ਤੱਕ 47 ਤਲਾਸ਼ੀ ਮੁਹਿੰਮਾਂ ਦੌਰਾਨ 5.34 ਕਰੋੜ ਰੁਪਏ ਦੀ ਨਕਦੀ ਮਿਲ ਚੁੱਕੀ ਹੈ ਅਤੇ 13.32 ਕਰੋੜ ਰੁਪਏ ਦੇ ਬੈਂਕ ਖ਼ਾਤੇ ਜਾਮ ਕੀਤੇ ਗਏ ਹਨ। -ਪੀਟੀਆਈ