ਰਾਏਪੁਰ, 30 ਅਗਸਤ
ਮੁੱਖ ਅੰਸ਼
- ਮੀਡੀਆ ਨੂੰ ਨਹੀਂ ਰਿਜ਼ੋਰਟ ਅੰਦਰ ਜਾਣ ਦੀ ਇਜਾਜ਼ਤ
ਝਾਰਖੰਡ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸੱਤਾਧਾਰੀ ਧਿਰ ਯੂਪੀਏ ਗੱਠਜੋੜ ਦੇ ਵਿਧਾਇਕਾਂ ਨੂੰ ਆਪਣੇ ਨਾਲ ਰਲਾਉਣ ਦੀਆਂ ਸੰਭਾਵੀ ਕੋਸ਼ਿਸ਼ਾਂ ਵਿਚਾਲੇ ਅੱਜ ਝਾਰਖੰਡ ਦੀ ਕਾਬਜ਼ ਧਿਰ ਯੂਪੀਏ ਦੇ 32 ਵਿਧਾਇਕ ਇਕ ਵਿਸ਼ੇਸ਼ ਜਹਾਜ਼ ਰਾਹੀਂ ਰਾਏਪੁਰ ਪਹੁੰਚੇ, ਜਿਨ੍ਹਾਂ ਨੂੰ ਨਾਲ ਲੱਗਦੇ ਇਕ ਰਿਜ਼ੋਰਟ ’ਚ ਪਹੁੰਚਾਇਆ ਗਿਆ ਹੈ।
ਝਾਰਖੰਡ ਦੀ 81 ਮੈਂਬਰਾਂ ਵਾਲੀ ਵਿਧਾਨ ਸਭਾ ਵਿੱਚ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ), ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਦੀ ਸ਼ਮੂਲੀਅਤ ਵਾਲੇ ਯੂਪੀਏ ਗੱਠਜੋੜ ਦੇ 49 ਵਿਧਾਇਕ ਹਨ।
ਰਾਂਚੀ ਹਵਾਈ ਅੱਡੇ ਤੋਂ ਇਨ੍ਹਾਂ ਵਿਧਾਇਕਾਂ ਨੂੰ ਲੈ ਕੇ ਵਿਸ਼ੇਸ਼ ਹਵਾਈ ਜਹਾਜ਼ ਨੇ ਬਾਅਦ ਦੁਪਹਿਰ 4.30 ਵਜੇ ਉਡਾਣ ਭਰੀ ਅਤੇ ਸ਼ਾਮ ਕਰੀਬ 5.30 ਵਜੇ ਇਹ ਜਹਾਜ਼ ਕਾਂਗਰਸ ਦੀ ਸੱਤਾ ਵਾਲੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਪੈਂਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ’ਤੇ ਉਤਰਿਆ। ਇਕ ਸਥਾਨਕ ਕਾਂਗਰਸੀ ਆਗੂ ਨੇ ਦੱਸਿਆ ਕਿ ਇਸ ਜਹਾਜ਼ ’ਚੋਂ 32 ਵਿਧਾਇਕਾਂ ਸਣੇ ਕੁੱਲ 41 ਵਿਅਕਤੀ ਉਤਰੇ ਅਤੇ ਤਿੰਨ ਬੱਸਾਂ ਰਾਹੀਂ ਉਨ੍ਹਾਂ ਨੂੰ ਹਵਾਈ ਅੱਡੇ ਤੋਂ 10 ਕਿਲੋਮੀਟਰ ਦੂਰ ਨਵਾਂ ਰਾਏਪੁਰ ਵਿੱਚ ਸਥਿਤ ਮੇਅਫੇਅਰ ਰਿਜ਼ੋਰਟ ਪਹੁੰਚਾਇਆ ਗਿਆ। ਉਨ੍ਹਾਂ ਦੇ ਨਾਲ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਮੌਜੂਦ ਨਹੀਂ ਸਨ।
ਛੱਤੀਸਗੜ੍ਹ ਦੇ ਕਾਂਗਰਸੀ ਆਗੂ ਰਾਮ ਗੋਪਾਲ ਅਗਰਵਾਲ ਅਤੇ ਗਿਰੀਸ਼ ਦੇਵਾਂਗਨ ਵੀ ਝਾਰਖੰਡ ਦੇ ਵਿਧਾਇਕਾਂ ਨਾਲ ਰਿਜ਼ੋਰਟ ਪਹੁੰਚੇ। ਇਨ੍ਹਾਂ ਬੱਸਾਂ ਨਾਲ ਪੁਲੀਸ ਦੀਆਂ ਗੱਡੀਆਂ ਵੀ ਸਨ। ਰਿਜ਼ੋਰਟ ਦੁਆਲੇ ਸਖ਼ਤ ਸੁਰੱਖਿਆ ਸੀ ਅਤੇ ਮੀਡੀਆ ਕਰਮੀਆਂ ਨੂੰ ਰਿਜ਼ੋਰਟ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।
ਨਿਊਜ਼ ਚੈਨਲਾਂ ’ਚ ਵੀਆਈਪੀ ਵਾਹਨਾਂ ਦਾ ਕਾਫਲਾ ਅਤੇ ਝਾਰਖੰਡ ਦੇ ਵਿਧਾਇਕਾਂ ਦੇ ਪਹੁੰਚਣ ਤੋਂ ਪਹਿਲਾਂ ਪੁਲੀਸ ਰਿਜ਼ੋਰਟ ਦੇ ਅੰਦਰ ਦਾਖ਼ਲ ਹੁੰਦੀ ਦਿਖਾਈ ਗਈ।
ਪਿਛਲੇ ਡੇਢ ਸਾਲ ਵਿੱਚ ਇਹ ਤੀਜੀ ਵਾਰ ਹੈ ਕਿ ਕਾਂਗਰਸ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਵਿਧਾਇਕਾਂ ਨੂੰ ਭਾਜਪਾ ਦੇ ਡਰ ਤੋਂ ਰਾਏਪੁਰ ਤਬਦੀਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਰਾਜ ਸਭਾ ਚੋਣਾਂ ’ਚ ਕਰਾਸ ਵੋਟਿੰਗ ਹੋਣ ਦੇ ਡਰ ਤੋਂ ਹਰਿਆਣਾ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਆਪਣੇ ਵਿਧਾਇਕਾਂ ਨੂੰ ਰਾਏਪੁਰ ਤਬਦੀਲ ਕੀਤਾ ਗਿਆ ਸੀ। ਇਸੇ ਤਰ੍ਹਾਂ ਪਿਛਲੇ ਸਾਲ ਅਸਾਮ ਵਿਧਾਨ ਸਭਾ ਚੋਣਾਂ ਦੌਰਾਨ ਯੂਪੀਏ ਦੀ ਭਾਈਵਾਲ ਬੋਡੋਲੈਂਡ ਪੀਪਲਜ਼ ਫਰੰਟ (ਬੀਪੀਐੱਫ) ਦੇ ਉਮੀਦਵਾਰਾਂ ਨੂੰ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਅਪਰੈਲ 2021 ਵਿੱਚ ਰਾਏਪੁਰ ਲਿਆਂਦਾ ਗਿਆ ਸੀ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਵਾਲੇ ਜੇਐੱਮਐੱਮ ਦਾ ਮੰਨਣਾ ਹੈ ਕਿ ਭਾਜਪਾ ਕਾਬਜ਼ ਧਿਰ ਦੇ ਵਿਧਾਇਕਾਂ ਨੂੰ ਆਪਣੇ ’ਚ ਰਲਾਉਣ ਦੀਆਂ ਗੰਭੀਰ ਕੋਸ਼ਿਸ਼ਾਂ ਕਰ ਸਕਦੀ ਹੈ।, ਜਿਵੇਂ ਕਿ ਉਸ ਨੇ ਮਹਾਰਾਸ਼ਟਰ ਵਿੱਚ ਕੀਤਾ। -ਪੀਟੀਆਈ