ਨਵੀਂ ਦਿੱਲੀ: ਇੰਜਨੀਅਰਿੰਗ ਦਾਖ਼ਲਾ ਪ੍ਰੀਖਿਆ ਜੇਈਈ-ਮੇਨਜ਼ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਅੱਜ ਐਲਾਨੇ ਗਏ ਨਤੀਜਿਆਂ ਵਿਚ ਛੇ ਉਮੀਦਵਾਰਾਂ ਨੇ ਪੂਰੇ 100 ਅੰਕ ਹਾਸਲ ਕੀਤੇ ਹਨ। ਦਿੱਲੀ ਦੇ ਪਰਵਰ ਕਟਾਰੀਆ ਤੇ ਰੰਜਿਮ ਪ੍ਰਬਲ, ਚੰਡੀਗੜ੍ਹ ਦੇ ਗੁਰਅੰਮ੍ਰਿਤ ਸਿੰਘ, ਰਾਜਸਥਾਨ ਦੇ ਸਾਕੇਤ ਝਾ, ਮਹਾਰਾਸ਼ਟਰ ਦੇ ਸਿਧਾਂਤ ਮੁਖਰਜੀ ਤੇ ਗੁਜਰਾਤ ਦੇ ਅਨੰਤ ਕ੍ਰਿਸ਼ਨ ਕਿਦਾਂਬੀ ਨੇ ਪੂਰੇ ਅੰਕ ਹਾਸਲ ਕੀਤੇ ਹਨ। ਐਨਟੀਏ ਨੇ ਇਹ ਪ੍ਰੀਖਿਆ 23 ਫਰਵਰੀ ਤੋਂ 26 ਫਰਵਰੀ ਦੌਰਾਨ ਕਰਵਾਈ ਸੀ। ਇਸ ਲਈ ਦੇਸ਼-ਵਿਦੇਸ਼ ਵਿਚ 800 ਕੇਂਦਰ ਬਣਾਏ ਗਏ ਸਨ। ਇਸ ਸਾਲ ਪ੍ਰੀਖਿਆ ਲਈ 6.52 ਲੱਖ ਵਿਦਿਆਰਥੀਆਂ ਨੇ ਰਜਿਸਟਰ ਕੀਤਾ ਸੀ। ਪ੍ਰੀਖਿਆ ਪੰਜਾਬੀ ਸਣੇ 13 ਭਾਸ਼ਾਵਾਂ ਵਿਚ ਲਈ ਗਈ ਸੀ। -ਪੀਟੀਆਈ