ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਅੱਜ ਦੱਸਿਆ ਕਿ 27 ਤੋਂ 30 ਅਪਰੈਲ ਵਿਚਾਲੇ ਹੋਣ ਵਾਲੀ ਇੰਜਨੀਅਰਿੰਗ ਦੀ ਦਾਖਲਾ ਪ੍ਰੀਖਿਆ ਜੇਈਈ-ਮੇਨਜ਼ ਕੋਵਿਡ-19 ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀ ਗਈ ਹੈ। ਨਿਸ਼ੰਕ ਨੇ ਟਵੀਟ ਕੀਤਾ, ‘ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੂੰ ਜੇਈਈ ਮੇਨਜ਼ ਦੀ ਪ੍ਰੀਖਿਆ ਮੁਲਤਵੀ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।’ ਐੱਨਟੀਏ ਨੇ ਅਧਿਕਾਰਤ ਹੁਕਮਾਂ ’ਚ ਕਿਹਾ ਹੈ ਕਿ ਕਰੋਨਾ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਜੇਈਈ (ਮੇਨਜ਼) ਅਪਰੈਲ ਸੈਸ਼ਨ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੋਧੀਆਂ ਹੋਈਆਂ ਤਾਰੀਕਾਂ ਦਾ ਐਲਾਨ ਬਾਅਦ ਵਿੱਚ ਅਤੇ ਪ੍ਰੀਖਿਆ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਕਰ ਦਿੱਤਾ ਜਾਵੇਗਾ। -ਪੀਟੀਆਈ