ਨਵੀਂ ਦਿੱਲੀ, 14 ਸਤੰਬਰ
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ‘ਅੱਬਾ ਜਾਨ’ ਕਹਿ ਕੇ ਕੀਤੀਆਂ ਟਿੱਪਣੀਆਂ ’ਤੇ ਜੇਡੀ(ਯੂ) ਦੇ ਪ੍ਰਧਾਨ ਲਲਨ ਸਿੰਘ ਨੇ ਅੱਜ ਕਿਹਾ ਕਿ ਸਿਆਸੀ ਧਿਰਾਂ ਨੂੰ ਟਿੱਪਣੀਆਂ ਕਰਨ ਵੇਲੇ ‘ਆਪਣੇ ਆਪ ਉਤੇ ਕਾਬੂ’ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ਸਾਰਿਆਂ ਦਾ ਹੈ, ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ ਜਾਂ ਕਿਸੇ ਹੋਰ ਫ਼ਿਰਕੇ ਨਾਲ ਸਬੰਧ ਰੱਖਦਾ ਹੈ। ਜੇਡੀ(ਯੂ) ਆਗੂ ਨੇ ਕਿਹਾ ਕਿ ‘ਭਿੰਨਤਾ ਵਿਚ ਏਕਤਾ’ ਜਿਹੇ ਸ਼ਬਦ ਸਾਡੇ ਮੁਲਕ ਲਈ ਵਰਤੇ ਜਾਂਦੇ ਹਨ। ਇਹ ਮੁਲਕ ਸਾਰਿਆਂ ਦਾ ਹੈ। ਅਜਿਹੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਦੇਸ਼ ਦਾ ਨੁਕਸਾਨ ਹੋਵੇ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਰੀਬੀ ਲੱਲਨ ਸਿੰਘ ਨੇ ਇਸੇ ਸੰਦਰਭ ਵਿਚ ਜੇਐਮਐਮ ਆਗੂ ਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ’ਤੇ ਵੀ ਨਿਸ਼ਾਨਾ ਸੇਧਿਆ। ਹੇਮੰਤ ਨੇ ਸੂਬੇ ਦੇ ਭੋਜਪੁਰੀ ਤੇ ਮਗਾਹੀ ਭਾਸ਼ਾਈ ਲੋਕਾਂ ਬਾਰੇ ਟਿੱਪਣੀਆਂ ਕੀਤੀਆਂ ਸਨ। ਲੱਲਨ ਨੇ ਕਿਹਾ ਕਿ ਸਾਰਿਆਂ ਨੂੰ ਹੱਕ ਹੈ ਤੇ ਉਹ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਰਹਿ ਸਕਦੇ ਹਨ। ਜ਼ਿਕਰਯੋਗ ਹੈ ਕਿ ਕੁਸ਼ੀਨਗਰ ਵਿਚ ਐਤਵਾਰ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਆਦਿੱਤਿਆਨਾਥ ਨੇ ਦੋਸ਼ ਲਾਇਆ ਸੀ ਕਿ ‘ਲੋਕਾਂ ਨੂੰ ਜਿਵੇਂ ਹੁਣ ਰਾਸ਼ਨ ਮਿਲਦਾ ਹੈ, 2017 ਤੋਂ ਪਹਿਲਾਂ ਨਹੀਂ ਮਿਲ ਰਿਹਾ ਸੀ। ਕਿਉਂਕਿ ਉਦੋਂ ਜਿਹੜੇ ਲੋਕ ਅੱਬਾ ਜਾਨ ਕਹਿੰਦੇ ਸਨ, ਸਾਰਾ ਰਾਸ਼ਨ ਲੈ ਜਾਂਦੇ ਸਨ। ਕੁਸ਼ੀਨਗਰ ਦਾ ਰਾਸ਼ਨ ਨੇਪਾਲ ਤੇ ਬੰਗਲਾਦੇਸ਼ ਜਾ ਰਿਹਾ ਸੀ। ਪਰ ਅੱਜ ਜੇ ਕੋਈ ਵੀ ਗਰੀਬ ਲੋਕਾਂ ਲਈ ਆਇਆ ਰਾਸ਼ਨ ਹੜੱਪਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜੇਲ੍ਹ ਵਿਚ ਹੋਵੇਗਾ।’ ਲੱਲਨ ਨੇ ਇਸ ਮੌਕੇ ਦੱਸਿਆ ਕਿ ਜੇਡੀ(ਯੂ) ਯੂਪੀ ਤੇ ਮਨੀਪੁਰ ਚੋਣਾਂ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਵਿਚ ਲੜੇਗੀ ਤੇ ਜੇ ਗੱਠਜੋੜ ਨਹੀਂ ਹੁੰਦਾ ਤਾਂ ਇਹ ਖ਼ੁਦ ਚੋਣਾਂ ਲੜੇਗੀ। ਪਾਰਟੀ ਨੇ ਨਵੰਬਰ ਮਹੀਨੇ ਯੂਪੀ ਵਿਚ ਆਪਣੀ ਕੌਮੀ ਕਾਰਜਕਰਨੀ ਦੀ ਮੀਟਿੰਗ ਵੀ ਰੱਖੀ ਹੈ। -ਪੀਟੀਆਈ
ਚੌਟਾਲਾ ਦੀ ਰੈਲੀ ਵਿਚ ਸ਼ਾਮਲ ਹੋਣਗੇ ਜੇਡੀ(ਯੂ) ਆਗੂ ਤਿਆਗੀ
ਮੀਡੀਆ ਕਾਨਫਰੰਸ ਵਿਚ ਜੇਡੀ(ਯੂ) ਪ੍ਰਧਾਨ ਤੇ ਮੁੰਗੇਰ ਤੋਂ ਲੋਕ ਸਭਾ ਮੈਂਬਰ ਲੱਲਨ ਸਿੰਘ ਨੇ ਪਾਰਟੀ ਦੇ ਸੀਨੀਅਰ ਆਗੂ ਕੇਸੀ ਤਿਆਗੀ ਨੂੰ ਓਮ ਪ੍ਰਕਾਸ਼ ਚੌਟਾਲਾ ਦੀ ਰੈਲੀ ਵਿਚ ਹਰਿਆਣਾ ਭੇਜਣ ਦੇ ਫ਼ੈਸਲੇ ਦਾ ਬਚਾਅ ਕੀਤਾ। ਜ਼ਿਕਰਯੋਗ ਹੈ ਕਿ ਜੇਡੀ(ਯੂ) ਭਾਜਪਾ ਦੀ ਭਾਈਵਾਲ ਹੈ ਤੇ ਜੀਂਦ ਵਿਚ 25 ਸਤੰਬਰ ਨੂੰ ਇਕ ਰੈਲੀ ਆਈਐਨਐਲਡੀ ਮੁਖੀ ਚੌਟਾਲਾ ਵੱਲੋਂ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਕਈ ਗ਼ੈਰ-ਕਾਂਗਰਸ ਤੇ ਗ਼ੈਰ-ਭਾਜਪਾ ਫਰੰਟ ਕਾਇਮ ਕਰਨ ਦੇ ਯਤਨਾਂ ਵਜੋਂ ਲੈ ਰਹੇ ਹਨ। ਲੱਲਨ ਨੇ ਕਿਹਾ ਕਿ ਉਹ ਐਨਡੀਏ ਦਾ ਹੀ ਹਿੱਸਾ ਹਨ। ਤੀਜੇ ਫਰੰਟ ਬਾਰੇ ਕੋਈ ਗੱਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਰੈਲੀ ਦਾ ਹਿੱਸਾ ਬਣੇਗੀ ਜੋ ਕਿ ਦੇਵੀ ਲਾਲ ਦੇ ਜਨਮ ਦਿਨ ਮੌਕੇ ਕਰਵਾਈ ਜਾ ਰਹੀ ਹੈ। ਦੇਵੀ ਲਾਲ ਆਪਣੇ ਜ਼ਮਾਨੇ ਦੇ ਤੀਜੇ ਫਰੰਟ ਦੇ ਚੋਟੀ ਦੇ ਆਗੂ ਸਨ। ਉਨ੍ਹਾਂ ਕਿਹਾ ਕਿ ਚੌਟਾਲਾ ਨਾਲ ਨਿਤੀਸ਼ ਦੀ ਵੀ ਪੁਰਾਣੀ ਸਾਂਝ ਹੈ।