ਚੇਨਈ, 27 ਅਗਸਤ
ਤਾਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਦੇ ਮੌਤ ਸਮੇਂ ਸਬੰਧਤ ਹਾਲਾਤ ਬਾਰੇ ਜਾਂਚ ਰਿਪੋਰਟ ਅੱਜ ਤਾਮਿਲਨਾਡੂ ਸਰਕਾਰ ਨੂੰ ਸੌਂਪ ਦਿੱਤੀ ਗਈ ਹੈ ਤੇ ਇਹ ਰਿਪੋਰਟ 29 ਅਗਸਤ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਾਵੇਗੀ। ਜਸਟਿਸ ਏ. ਅਰੁਮੁਗਾਸਵਾਮੀ ਦੀ ਅਗਵਾਈ ਵਾਲੇ ਪੈਨਲ ਨੇ 150 ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਅਤੇ ਰਿਪੋਰਟ ਤਿਆਰ ਕਰਨ ਮਗਰੋਂ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੂੰ ਸੌਂਪ ਦਿੱਤੀ ਗਈ ਹੈ। ਜਸਟਿਸ ਅਰੁਮੁਗਾਸਵਾਮੀ ਨੇ ਕਿਹਾ ਕਿ ਇਹ ਹੁਣ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਇਸ ਰਿਪੋਰਟ ਨੂੰ ਕਦੋਂ ਜਨਤਕ ਕਰਨਾ ਹੈ। ਸਰਕਾਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਮੁੱਖ ਮੰਤਰੀ ਸਟਾਲਿਨ ਨੇ ਸੋਮਵਾਰ ਨੂੰ ਇਹ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਤਾਮਿਲ ਨਾਡੂ ਦੀ ਸਾਬਕਾ ਏਆਈਏਡੀਐੱਮਕੇ ਸਰਕਾਰ ਨੇ ਅਰੁਮੁਗਾਸਵਾਮੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਸੀ ਜਿਸ ਨੇ ਗਵਾਹਾਂ ਦੇ ਬਿਆਨ ਲੈਣ ਦੀ ਕਾਰਵਾਈ 22 ਨਵੰਬਰ, 2017 ਨੂੰ ਸ਼ੁਰੂ ਕੀਤੀ ਸੀ। -ਪੀਟੀਆਈ