ਨਵੀਂ ਦਿੱਲੀ, 11 ਮਾਰਚ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਇਥੇ ਡਿਜੀਟਲ ਨਿਊਜ਼ ਪਬਲਿਸ਼ਰਜ਼ ਐਸੋਸੀਏਸ਼ਨ (ਡੀਐੱਨਪੀਏ) ਨਾਲ ਮੀਟਿੰਗ ਕਰਕੇ ਡਿਜੀਟਲ ਮੀਡੀਆ ਬਾਰੇ ਨਵੇਂ ਨੇਮਾਂ ਸਬੰਧੀ ਸੁਝਾਅ ਲਏ। ਕੇਂਦਰੀ ਮੰਤਰੀ ਨੇ ਇਕ ਟਵੀਟ ’ਚ ਕਿਹਾ, ‘ਓਟੀਟੀ (ਓਵਰ ਦਿ ਟੌਪ) ਪਲੈਟਫਾਰਮਾਂ ਨਾਲ ਕੀਤੀ ਮੀਟਿੰਗ ਦੀ ਕੜੀ ਵਿੱਚ ਅੱਜ ਡਿਜੀਟਲ ਨਿਊਜ਼ ਪਬਲਿਸ਼ਰਜ਼ ਐਸੋਸੀਏਸ਼ਨ ਦੇ ਰੂਬਰੂ ਹੋਇਆਂ। ਉਨ੍ਹਾਂ ਨਵੇਂ ਨੇਮਾਂ ਦਾ ਸਵਾਗਤ ਕਰਦਿਆਂ ਕੁਝ ਸੁਝਾਅ ਦਿੱਤੇ ਹਨ, ਜਿਨ੍ਹਾਂ ਨੂੰ ਨੋਟ ਕਰ ਲਿਆ ਗਿਆ ਹੈ।’ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਾਵੜੇਕਰ ਨੇ ਕਿਹਾ ਕਿ ਨਵੇਂ ਨੇਮਾਂ ਨਾਲ ਡਿਜੀਟਲ ਨਿਊਜ਼ ਪਬਲਿਸ਼ਰਾਂ ’ਤੇ ਕੁਝ ਜ਼ਿੰਮੇਵਾਰੀਆਂ ਪੈਣਗੀਆਂ। ਉਨ੍ਹਾਂ ਕਿਹਾ, ‘ਇਸ ਵਿੱਚ ਸਦਾਚਾਰ ਦੇ ਨੇਮ ਸਮੇਤ ਭਾਰਤੀ ਪ੍ਰੈੱਸ ਕੌਂਸਲ ਤੇ ਕੇਬਲ ਟੀਵੀ ਨੈੱਟਵਰਕ ਐਕਟ ਤਹਿਤ ਪ੍ਰੋਗਰਾਮ ਕੋਡ ਦੀ ਪਾਲਣਾ ਵੀ ਸ਼ਾਮਲ ਹੈ।’ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਿੰਟ ਮੀਡੀਆ ਤੇ ਟੈਲੀਵਿਜ਼ਨ ਚੈਨਲ ਦੋਵਾਂ ਦੀ ਡਿਜੀਟਲ ਮੌਜੂਦਗੀ ਹੈ, ਜਿੱਥੇ ਉਨ੍ਹਾਂ ਦਾ ਵਿਸ਼ਾ-ਵਸਤੂ ਰਵਾਇਤੀ ਮੰਚਾਂ ਵਾਲਾ ਹੀ ਹੈ। ਜਾਵੜੇਕਰ ਨੇ ਮੀਟਿੰਗ ਵਿੱਚ ਸ਼ਾਮਲ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ’ਤੇ ਗੌਰ ਕਰੇਗੀ ਤੇ ਮੀਡੀਆ ਸਨਅਤ ਦੀ ਤਰੱਕੀ ਲਈ ਵਿਚਾਰ ਚਰਚਾ ਦਾ ਇਹ ਅਮਲ ਅੱਗੋਂ ਵੀ ਜਾਰੀ ਰਹੇਗਾ। -ਪੀਟੀਆਈ