ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਫਰਵਰੀ
ਗਣਤੰਤਰ ਦਿਵਸ ’ਤੇ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਵਿੱਚ ਵਾਪਰੀ ਘਟਨਾ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਗਾਇਕ ਦੀਪ ਸਿੱਧੂ, ਜੁਗਰਾਜ ਸਿੰਘ ਤੇ ਦੋ ਹੋਰਨਾਂ ਦੀ ਜਾਣਕਾਰੀ ਦੇਣ ਵਾਲੇ ਲਈ ਇੱਕ-ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ। ਪੁਲੀਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਕਥਿਤ ਉਕਸਾਉਣ ਵਾਲੇ ਜੱਜਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਤੇ ਇਕਬਾਲ ਸਿੰਘ ਦੀ ਸੂਹ ਦੇਣ ਵਾਲੇ ਲਈ 50-50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਤੇ ਗੁਰਜੰਟ ਸਿੰਘ ’ਤੇ ਇੱਕ-ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਉਨ੍ਹਾਂ ਦੀ ਪਛਾਣ ਸੀਸੀਟੀਵੀ ਕੈਮਰਿਆਂ ਤੇ ਵੀਡੀਓ ਕਲਿੱਪਾਂ ਰਾਹੀਂ ਕੀਤੀ ਗਈ। ਪੁਲੀਸ ਮੁਤਾਬਕ ਹੁਣ ਦੀਪ ਸਿੱਧੂ ਤੇ ਹੋਰਨਾਂ ਦੀ ਤਲਾਸ਼ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਦਿੱਲੀ ਪੁਲੀਸ ਨੇ ਇਸ ਸਬੰਧ ’ਚ 44 ਕੇਸ ਦਰਜ ਕਰਕੇ ਕਿਸਾਨ ਯੂਨੀਅਨਾਂ ਦੇ ਕੁੱਝ ਆਗੂਆਂ ਸਮੇਤ ਕਈ ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਜ਼ਿਕਰਯੋਗ ਹੈ ਕਿ ਲਾਲ ਕਿਲ੍ਹੇ ਦੀ ਘਟਨਾ ਮਗਰੋਂ ਦੀਪ ਸਿੱਧੂ ਦਾ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਲਾਲ ਕਿਲ੍ਹੇ ਦੀ ਫਸੀਲ ਉਪਰੋਂ ‘ਲਾਈਵ’ ਹੋਇਆ ਸੀ। ਜੁਗਰਾਜ ਸਿੰਘ ’ਤੇ ਕਥਿਤ ਦੋਸ਼ ਹੈ ਕਿ ਉਸ ਨੇ ਤਿਰੰਗਾ ਝੰਡਾ ਲਹਿਰਾਉਣ ਵਾਲੇ ਡੰਡੇ (ਫਲੈਗ ਪੋਲ) ’ਤੇ ਕੇਸਰੀ ਨਿਸ਼ਾਨ ਲਹਿਰਾਇਆ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲਾਲ ਕਿਲ੍ਹੇ ’ਤੇ ਹੋਏ ਹੰਗਾਮੇ ਤੇ ਨਿਸ਼ਾਨ ਸਾਹਿਬ ਲਹਿਰਾਉਣ ਦੇ ਮਾਮਲੇ ਵਿੱਚ ਇਨ੍ਹਾਂ ਦੀ ਭਾਲ ਹੈ। ਉੱਧਰ, ਸੂਤਰਾਂ ਅਨੁਸਾਰ 26 ਜਨਵਰੀ ਨੂੰ ਲਾਲ ਕਿਲੇ ’ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਧਰਮਿੰਦਰ ਸਿੰਘ ਹਰਮਨ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੱਤਰਕਾਰ ਮਨਦੀਪ ਪੂਨੀਆ ਜੇਲ੍ਹ ’ਚੋਂ ਰਿਹਾਅ
ਨਵੀਂ ਦਿੱਲੀ: ਸਿੰਘੂ ਬਾਰਡਰ ’ਤੇ ਕਵਰੇਜ ਕਰਦੇ ਹੋਏ ਪੁਲੀਸ ਵੱਲੋਂ ਬਦਸਲੂਕੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਫ੍ਰੀਲਾਂਸ ਪੱਤਰਕਾਰ ਮਨਦੀਪ ਪੂਨੀਆ ਨੂੰ ਅੱਜ ਦੇਰ ਰਾਤ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਇੱਥੋਂ ਦੀ ਇਕ ਅਦਾਲਤ ਵੱਲੋਂ ਮਨਦੀਪ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਤੇ ਅੱਜ ਉਸ ਦੀ ਜੇਲ੍ਹ ਵਿੱਚੋਂ ਰਿਹਾਈ ਹੋ ਗਈ ਹੈ। -ਏਜੰਸੀ