ਨਵੀਂ ਦਿੱਲੀ, 19 ਅਗਸਤ
ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਤੇ ਨਿਤਿਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂਨਾਇਟਡ) ਦਾ ਗਠਬੰਧਨ ਟੁੱਟਣ ਮਗਰੋਂ ਭਾਜਪਾ ਆਗੂ ਕੈਲਾਸ਼ ਵਿਜੇਵਰਗੀਯ ਵੱਲੋਂ ਕੀਤੇ ਤਿੱਖੇ ਸ਼ਬਦੀ ਹਮਲਿਆਂ ਦੇ ਜਵਾਬ ਵਿੱਚ ਅੱਜ ਜਨਤਾ ਦਲ (ਯੂ) ਨੇ ਵੀ ਜਵਾਬੀ ਹਮਲਾ ਕਰਦਿਆਂ ਵਿਜੇਵਰਗੀਯ ਨੂੰ ‘ਸੰਵੇਦਨਹੀਣ’ ਵਿਅਕਤੀ ਕਿਹਾ ਜੋ ਕਿ ਆਪਣੇ ਕੰਮ ’ਤੇ ਧਿਆਨ ਦੇਣ ਦੀ ਬਜਾਏ ਹਮੇਸ਼ਾ ‘ਵਿਦੇਸ਼ੀ ਟੂਰ’ ਉੱਤੇ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਨੇ ਬੀਤੇ ਦਿਨ ਇੰਦੋਰ ਵਿੱਚ ਕਿਹਾ ਸੀ ਕਿ ਜਦੋਂ ਇਕ ਵਾਰ ਉਹ ਵਿਦੇਸ਼ ਜਾ ਰਹੇ ਸਨ ਤਾਂ ਕਿਸੇ ਨੇ ਦੱਸਿਆ ਸੀ ਕਿ ਉਥੇ ਮਹਿਲਾਵਾਂ ਅਕਸਰ ਆਪਣੇ ਮਿੱਤਰ ਬਦਲ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਇਸੇ ਤਰ੍ਹਾਂ ਦੇ ਇਨਸਾਨ ਹਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸ ਦਾ ਹੱਥ ਫੜਿਆ ਜਾਵੇ ਤੇ ਕਿਸ ਦਾ ਹੱਥ ਛੱਡਿਆ ਜਾਵੇ।
ਇਸ ਸਬੰਧ ਵਿੱਚ ਜਨਤਾ ਦਲ (ਯੂ) ਦੇ ਪ੍ਰਧਾਨ ਰਾਜੀਵ ਰੰਜਨ ਸਿੰਘ ਨੇ ਕਿਹਾ ਕਿ ਵਿਜੇਵਰਗੀਯ ’ਤੇ ਟਿੱਪਣੀ ਕਰਨਾ ‘ਬੇਮਾਇਨੇ’ ਹੈ। ਕੁਝ ਦਿਨ ਪਹਿਲਾਂ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੇ ਅਗਨੀਪਥ ਯੋਜਨਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਸਨ ਤੇ ਵਿਜੇਵਰਗੀਯ ਨੇ ਕਿਹਾ ਸੀ ਕਿ ਜਿਹੜੇ ਨੌਜਵਾਨ ਅਗਨੀਪਥ ਯੋਜਨਾ ਤਹਿਤ ਭਰਤੀ ਮਗਰੋਂ ਚਾਰ ਸਾਲਾਂ ਬਾਅਦ ਬੇਰੁਜ਼ਗਾਰ ਹੋ ਜਾਣਗੇ, ਉਨ੍ਹਾਂ ਨੂੰ ਭਾਜਪਾ ਦਫ਼ਤਰਾਂ ਵਿੱਚ ਸੁਰੱਖਿਆ ਗਾਰਡਾਂ ਵਜੋਂ ਭਰਤੀ ਕਰ ਲਿਆ ਜਾਵੇਗਾ। ਰਾਜੀਵ ਰੰਜਨ ਸਿੰਘ ਨੇ ਕਿਹਾ ਕਿ ਅਜਿਹੇ ਵਿਅਕਤੀ (ਵਿਜੇਵਰਗੀਯ) ਬਾਰੇ ਕੀ ਕਿਹਾ ਜਾਵੇ ਜਿਸ ਦਾ ਬਿਆਨ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਬਾਰੇ ‘ਸੰਵੇਦਨਹੀਣ’ ਹੈ। -ਏਐੱਨਆਈ