ਨਵੀਂ ਦਿੱਲੀ, 28 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਆਪਣੀ ਸਰਕਾਰ ਦੀ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਸੱਤ ਸਾਲ ਮੁਕੰਮਲ ਹੋਣ ’ਤੇ ਸ਼ਲਾਘਾ ਕੀਤੀ। ਮੋਦੀ ਨੇ ਕਿਹਾ ਕਿ ਇਸ ਯੋਜਨਾ ਨੇ ਭਾਰਤ ਨੂੰ ਵਿਕਾਸ ਦੇ ਰਾਹ ਤੋਰਿਆ ਹੈ। ਇਸ ਨਾਲ ਬੈਂਕਾਂ ਤੋਂ ਦੂਰ ਆਬਾਦੀ ਨੂੰ ਬੈਂਕਾਂ ’ਚ ਖਾਤੇ ਖੁੱਲ੍ਹਵਾ ਕੇ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਅਣਗਿਣਤ ਭਾਰਤੀਆਂ ਦਾ ਸਸ਼ਕਤੀਕਰਨ ਹੋਇਆ ਹੈ। ਇਸ ਪਹਿਲ ਨਾਲ ਪਾਰਦਰਸ਼ਤਾ ਨੂੰ ਵੀ ਹੁਲਾਰਾ ਮਿਲਿਆ ਹੈ।
ਮੋਦੀ ਨੇ ਟਵੀਟ ਕਰਦਿਆਂ ਕਿਹਾ,‘ਮੈਂ ਉਨ੍ਹਾਂ ਸਾਰਿਆਂ ਨੂੰ ਵਡਿਆਉਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਪੀਐੱਮ ਜਨ ਧਨ ਯੋਜਨਾ ਦੀ ਸਫ਼ਲਤਾ ਲਈ ਕੰਮ ਕੀਤਾ ਹੈ। ਇਨ੍ਹਾਂ ਦੇ ਯਤਨਾਂ ਸਦਕਾ ਹੀ ਭਾਰਤ ਦੇ ਲੋਕਾਂ ਨੂੰ ਮਿਆਰੀ ਜ਼ਿੰਦਗੀ ਨਸੀਬ ਹੋ ਸਕੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਇਸ ਯੋਜਨਾ ਅਧੀਨ 43.04 ਕਰੋੜ ਵਿੱਚੋਂ 36.86 ਕਰੋੜ ਬੈਂਕ ਖਾਤੇ ਖੁੱਲ੍ਹੇ ਹਨ। ਸਰਕਾਰ ਨੇ ਦੱਸਿਆ ਕਿ ਇਸ ਯੋਜਨਾ ਨਾਲ ਵੱਡੀ ਗਿਣਤੀ ਵਿੱਚ ਗ਼ਰੀਬ ਆਬਾਦੀ ਨੂੰ ਫਾਇਦਾ ਪਹੁੰਚਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੱਤ ਸਾਲ ਪਹਿਲਾਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸ਼ੁਰੂ ਕੀਤੀ ਸੀ ਇਸ ਤਹਿਤ ਬੈਂਕਾਂ ਤੋਂ ਦੂਰ ਰਹਿਣ ਵਾਲੀ ਆਬਾਦੀ ਨੂੰ ਖਾਤੇ ਖੁੱਲਵਾਉਣ ਦੀ ਸਹੂਲਤ ਦਿੱਤੀ ਗਈ ਸੀ। -ਪੀਟੀਆਈ
ਨਾਂ ਬਦਲਣ ਤੇ ਸਕੀਮਾਂ ਨੂੰ ਮੁੜ ਸ਼ੁਰੂ ਕਰਨ ਵਿੱਚ ਮਾਹਿਰ ਨੇ ਪ੍ਰਧਾਨ ਮੰਤਰੀ: ਜੈਰਾਮ
ਨਵੀਂ ਦਿੱਲੀ: ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ਨਾਮ ਬਦਲਣ ਤੇ ਸਕੀਮਾਂ ਨੂੰ ਮੁੜ ਸ਼ੁਰੂ ਕਰਨ ਵਿੱਚ ਨਿਪੁੰਨ ਹਨ। ਉਨ੍ਹਾਂ ਇਹ ਪ੍ਰਤੀਕਿਰਿਆ ਜਨ ਧਨ ਯੋਜਨਾ ਦੀ ਸੱਤਵੀਂ ਵਰ੍ਹੇਗੰਢ ਮੌਕੇ ਦਿੱਤੀ। ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਯੂਪੀਏ ਦੀ ‘ਸੇਵਿੰਗਜ਼ ਬੈਂਕ ਡਿਪਾਜ਼ਿਟ’ ਸਕੀਮ ਦਾ ਨਾਂ ਬਦਲ ਕੇ ਜਨ ਧਨ ਯੋਜਨਾ ਰੱਖਿਆ ਗਿਆ ਹੈ। ਜੈਰਾਮ ਨੇ ਟਵਿੱਟਰ ’ਤੇ ਕਿਹਾ,‘ਨਰਿੰਦਰ ਮੋਦੀ, ਸੱਤਵੀਂ ਵਰ੍ਹੇਗੰਢ ’ਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੀ ਸ਼ਲਾਘਾ ਕਰ ਰਹੇ ਹਨ। ਅਸਲ ਵਿੱਚ ਇਹ ਯੂਪੀਏ ਦੀ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ ਅਕਾਊਂਟ ਯੋਜਨਾ ਦਾ ਨਾਂ ਤਬਦੀਲ ਕਰਨ ਦੀ ਸੱਤਵੀਂ ਵਰ੍ਹੇਗੰਢ ਹੈ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਾਂ ਬਦਲਣ, ਨਵਾਂ ਰੂਪ ਦੇਣ ਅਤੇ ਮੁੜ ਸਕੀਮਾਂ ਸ਼ੁਰੂ ਕਰਨ ’ਚ ਬਹੁਤ ਮਾਹਿਰ ਹਨ। -ਪੀਟੀਆਈ