ਨਵੀਂ ਦਿੱਲੀ, 4 ਸਤੰਬਰ
ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ ਹੈ ਕਿ ਜਨ ਆਸ਼ੀਰਵਾਦ ਯਾਤਰਾ ਦੀ ਸਫ਼ਲਤਾ ਨੇ ਵਿਰੋਧੀ ਧਿਰ ਨੂੰ ਪ੍ਰੇਸ਼ਾਨ ਅਤੇ ਬੇਚੈਨ ਕਰ ਦਿੱਤਾ ਹੈ। ਇਸ ਯਾਤਰਾ ਦੌਰਾਨ 39 ਨਵੇਂ ਕੇਂਦਰੀ ਮੰਤਰੀਆਂ ਨੇ ਲੋਕਾਂ ਤੱਕ ਆਪਣੀ ਪਹੁੰਚ ਬਣਾਈ। ਸ੍ਰੀ ਨੱਡਾ ਨੇ ਵਿਰੋਧੀ ਧਿਰ ’ਤੇ ਦੋਸ਼ ਲਾਇਆ ਕਿ ਉਸ ਨੇ ਜਨ ਆਸ਼ੀਰਵਾਦ ਯਾਤਰਾ ’ਚ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਇਕ ਬਿਆਨ ’ਚ ਉਨ੍ਹਾਂ ਕਿਹਾ,‘‘ਲੋਕਾਂ ਨੇ ਮੋਦੀ ਸਰਕਾਰ ਪ੍ਰਤੀ ਆਪਣੀ ਹਮਾਇਤ ਅਤੇ ਭਰੋਸਾ ਦਿਖਾਇਆ ਹੈ।’’ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਨਿਸ਼ਾਨਾ ਬਣਾਏ ਜਾਣ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ’ਤੇ ਲੋਕਾਂ ਦੇ ਜਤਾਏ ਗਏ ਵਿਸ਼ਵਾਸ ਅਤੇ ਹਮਾਇਤ ਨੇ ਸਾਰੀਆਂ ਗੜਬੜ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਯਾਤਰਾ ਦੌਰਾਨ ਰਾਣੇ ਵੱਲੋਂ ਮੁੱਖ ਮੰਤਰੀ ਊਧਵ ਠਾਕਰੇ ਖ਼ਿਲਾਫ਼ ਦਿੱਤੇ ਗਏ ਬਿਆਨ ’ਤੇ ਮਹਾਰਾਸ਼ਟਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਨੱਡਾ ਨੇ ਕਿਹਾ,‘‘ਇਹ ਸਾਡੀ ਲੋਕਰਾਜੀ ਪ੍ਰਣਾਲੀ ’ਤੇ ਸਿੱਧਾ ਹਮਲਾ ਹੈ ਪਰ ਲੋਕਾਂ ਦੀ ਹਮਾਇਤ ਨੇ ਸੌੜੀ ਸੋਚ ਰੱਖਣ ਵਾਲੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਪੁੱਠੇ ਪੈਰੀਂ ਤੋਰ ਦਿੱਤਾ।
ਲੋਕਾਂ ਨੇ ਨਾਂਹ-ਪੱਖੀ ਸਿਆਸੀ ਏਜੰਡੇ ਨੂੰ ਨਕਾਰ ਦਿੱਤਾ ਹੈ ਅਤੇ ਉਹ ਵਿਕਾਸ ਤੇ ਤਰੱਕੀ ਦੀ ਸਿਆਸਤ ਨਾਲ ਜੁੜੇ ਹੋਏ ਹਨ।’’
ਇਹ ਯਾਤਰਾ ਆਜ਼ਾਦੀ ਦਿਹਾੜੇ ਤੋਂ ਲੈ ਕੇ 28 ਅਗਸਤ ਤੱਕ ਕੱਢੀ ਗਈ ਅਤੇ 14 ਦਿਨਾਂ ’ਚ 24 ਹਜ਼ਾਰ ਕਿਲੋਮੀਟਰ ਤੋਂ ਵੱਧ ਸਫ਼ਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਮੋਦੀ ਸਮਾਜ ਦੇ ਹਰ ਵਰਗ ਤੱਕ ਸਮਾਜਿਕ ਅਤੇ ਆਰਥਿਕ ਭਲਾਈ ਦੀਆਂ ਯੋਜਨਾਵਾਂ ਪਹੁੰਚਾ ਰਹੇ ਹਨ। -ਪੀਟੀਆਈ