ਥਾਣੇ, 18 ਅਗਸਤ
ਮਹਾਰਾਸ਼ਟਰ ਪੁਲੀਸ ਨੇ ਭਾਜਪਾ ਦੀ ‘ਜਨ ਆਸ਼ੀਰਵਾਦ ਯਾਤਰਾ’ ਤਹਿਤ ਪ੍ਰੋਗਰਾਮ ਕਰਵਾਉਣ ਵਾਲਿਆਂ ਖ਼ਿਲਾਫ਼ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਕੇਂਦਰੀ ਮੰਤਰੀਆਂ ਭਾਰਤੀ ਪਵਾਰ, ਕਪਿਲ ਪਾਟਿਲ ਅਤੇ ਭਾਗਵਤ ਕਰਾਦ ਵੱਲੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਤੱਕ ਪਹੁੰਚ ਬਣਾਉਣ ਅਤੇ ਭਾਜਪਾ ਦੀ ਹਾਲ ਹੀ ਵਿੱਚ ਚੋਣਾਂ ਦੌਰਾਨ ਹੋਈ ਜਿੱਤ ਲਈ ਉਨ੍ਹਾਂ ਦਾ ਧੰਨਵਾਦ ਕਰਨ ਵਾਸਤੇ ‘ਜਨ ਆਸ਼ੀਰਵਾਦ’ ਯਾਤਰਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਭਿਵੰਡੀ ਤੋਂ ਸੰਸਦ ਮੈਂਬਰ ਕਪਿਲ ਪਾਟਿਲ ਇਸ ਯਾਤਰਾ ਤਹਿਤ ਸੋਮਵਾਰ ਨੂੰ ਥਾਣੇ ਪਹੁੰਚੇ ਸਨ, ਜਿੱਥੇ ਸੈਂਕੜੇ ਭਾਜਪਾ ਕਾਰਕੁਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਥਾਣੇ ਦੇ ਕੋਪਰੀ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਯਾਤਰਾ ਦੌਰਾਨ ਇੱਕ ਪ੍ਰੋਗਰਾਮ ਵਿੱਚ ਭਾਜਪਾ ਕਾਰਕੁਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ ਅਤੇ ਉਨ੍ਹਾਂ ਨਾ ਤਾਂ ਮਾਸਕ ਪਾਇਆ ਹੋਇਆ ਸੀ ਅਤੇ ਨਾ ਹੀ ਸਮਾਜਿਕ ਦੂਰੀ ਦਾ ਖ਼ਿਆਲ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਤੋਂ ਇਸ ਪ੍ਰੋਗਰਾਮ ਸਬੰਧੀ ਕੋਈ ਇਜਾਜ਼ਤ ਵੀ ਨਹੀਂ ਲਈ ਗਈ ਸੀ। ਕੋਪਰੀ ਪੁਲੀਸ ਨੇ ਸੋਮਵਾਰ ਰਾਤ ਨੂੰ ਭਾਜਪਾ ਦੇ ਦੋ ਕਾਰਪੋਰੇਟਰਾਂ ਅਤੇ ਪ੍ਰੋਗਰਾਮ ਜਥੇਬੰਦ ਕਰਨ ਵਾਲੇ ਦੋ ਹੋਰਨਾ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 188, 269, 270 ਅਤੇ ਮਹਾਮਾਰੀ ਬਿਮਾਰੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਕਿਹਾ ਕਿ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਤੋਂ ਇੱਕ ਲੱਖ ਰੁਪਏ ਲੁੱਟ ਲਏ ਜਾਣ ਦਾ ਵੀ ਦੋਸ਼ ਹੈ। -ਪੀਟੀਆਈ
ਕਰੋਨਾ ਨੂੰ ਸੱਦਾ ਦੇ ਰਹੀ ਹੈ ‘ਜਨ ਆਸ਼ੀਰਵਾਦ’ ਯਾਤਰਾ: ਰਾਊਤ
ਮੁੰਬਈ: ਸ਼ਿਵਾ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਕੇਂਦਰੀ ਮੰਤਰੀਆਂ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਕੱਢੀ ਜਾ ਰਹੀ ‘ਜਨ ਆਸ਼ੀਰਵਾਦ ਯਾਤਰਾ’ ਕਰੋਨਾ ਦੀ ਤੀਜੀ ਲਹਿਰ ਨੂੰ ਸੱਦਾ ਦੇ ਰਹੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਭਾਜਪਾ ਨੂੰ ਠਰ੍ਹੰਮਾ ਰੱਖਣ ਲਈ ਆਖਿਆ। ਰਾਜ ਸਭਾ ਮੈਂਬਰ ਰਾਊਤ ਨੇ ਦਾਅਵਾ ਕੀਤਾ, ‘‘ਜਨ ਆਸ਼ੀਰਵਾਦ ਯਾਤਰਾ ਕੋਵਿਡ-19 ਦੀ ਤੀਜੀ ਲਹਿਰ ਨੂੰ ਦਾਅਵਤ ਦੇ ਰਹੀ ਹੈ। ਭਾਜਪਾ ਇਹ ਸਭ ਜਾਣ-ਬੁੱਝ ਕੇ ਕਰ ਰਹੀ ਹੈ।’’ ਇੱਕ ਮੀਡੀਆ ਆਰਗੇਨਾਈਜੇਸ਼ਨ ਦੇ ਸਰਵੇ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚੋਟੀ ਦੇ ਪੰਜ ਮੁੱਖ ਮੰਤਰੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਪੁੱਛਣ ’ਤੇ ਰਾਊਤ ਨੇ ਕਿਹਾ, ‘‘ਭਾਜਪਾ ਇਸ ਰਾਇਸ਼ੁਮਾਰੀ ਨੂੰ ਝੁਠਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਦੇਸ਼ ਵਿੱਚ ਉਸ ਦਾ ਇੱਕ ਵੀ ਮੁੱਖ ਮੰਤਰੀ ਚੋਟੀ ਦੇ ਪੰਜ ਵਿੱਚ ਸ਼ਾਮਲ ਨਹੀਂ ਹੈ।’’ ਉਨ੍ਹਾਂ ਸਵਾਲ ਕੀਤਾ, ‘‘ਭਾਜਪਾ ਦਾ ਕੋਈ ਵੀ ਮੁੱਖ ਮੰਤਰੀ ਸੂਚੀ ਵਿੱਚ ਪਹਿਲੇ ਪੰਜ ਮੁੱਖ ਮੰਤਰੀਆਂ ਵਿੱਚ ਸ਼ਾਮਲ ਕਿਉਂ ਨਹੀਂ ਹੈ।’’ -ਪੀਟੀਆਈ
ਕਿਸਾਨ ਪ੍ਰੇਸ਼ਾਨ, ਪਰ ਭਾਜਪਾ ਯਾਤਰਾਵਾਂ ’ਚ ਰੁੱਝੀ: ਕਾਂਗਰਸ
ਜਲਨਾ: ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਿਸਾਨ ਪ੍ਰੇਸ਼ਾਨ ਹਨ ਅਤੇ ਤੇਲ ਕੀਮਤਾਂ ਤੇ ਮਹਿੰਗਾਈ ਲਗਾਤਾਰ ਵਧ ਰਹੀ ਹੈ, ਪਰ ਕੇਂਦਰੀ ਮੰਤਰੀ ‘ਜਨ ਆਸ਼ੀਰਵਾਦ’ ਯਾਤਰਾਵਾਂ ਕਰਨ ਵਿੱਚ ਰੁੱਝੇ ਹੋਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਪਟੋਲੇ ਨੇ ਕਿਹਾ, ‘‘ਲੋਕਾਂ ਨੂੰ ਪਤਾ ਹੈ ਕਿ ਭਾਜਪਾ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਹੁਣ ਲੋਕ ਉਨ੍ਹਾਂ ਨੂੰ ਆਸ਼ੀਰਵਾਦ ਨਹੀਂ ਦੇ ਰਹੇ ਕਿਉਂਕਿ ਉਨ੍ਹਾਂ ਨੇ ਭਾਜਪਾ ਆਗੂਆਂ ਨੂੰ ਘਰ ਤੋਰਨ ਦਾ ਫ਼ੈਸਲਾ ਕੀਤਾ ਹੈ।’’ ਉਨ੍ਹਾਂ ਭਾਜਪਾ ’ਤੇ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਰਾਹੀਂ ਸਿਆਸਤਦਾਨਾਂ ਅਤੇ ਹੋਰ ਪ੍ਰਮੁੱਖ ਲੋਕਾਂ ਦੀ ਜਾਸੂਸੀ ਕਰਨ ਦਾ ਦੋਸ਼ ਵੀ ਲਾਇਆ, ਜਿਸ ਨੂੰ ਭਗਵਾਂ ਪਾਰਟੀ ਨਕਾਰਦੀ ਆ ਰਹੀ ਹੈ। -ਪੀਟੀਆਈ