ਨਵੀਂ ਦਿੱਲੀ, 8 ਫਰਵਰੀ
ਗ੍ਰਹਿ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ’ਚ ਪਿਛਲੇ ਦੋ ਸਾਲਾਂ ਤੋਂ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਪਰ ਕੋਵਿਡ-19 ਕਾਰਨ ਮਿੱਥਿਆ ਗਿਆ ਟੀਚਾ ਹਾਸਲ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਰਾਜ ਸਭਾ ’ਚ ਕਿਹਾ ਕਿ ਕਸ਼ਮੀਰ ਨੂੰ ਦਸੰਬਰ 2022 ਤੱਕ ਰੇਲ ਨਾਲ ਜੋੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖ਼ਿੱਤੇ ’ਚ ਸਤੰਬਰ 2022 ਤੱਕ 80.16 ਲੱਖ ਦਿਹਾਤੀ ਘਰਾਂ ’ਚ ਪਾਣੀ ਕੁਨੈਕਸ਼ਨ ਦੇ ਦਿੱਤੇ ਜਾਣਗੇ। ਰਾਜ ਸਭਾ ’ਚ ਜੇਐਂਡਕੇ ਪੁਨਰਗਠਨ (ਸੋਧ) ਬਿੱਲ ’ਤੇ ਚਰਚਾ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ’ਚ ਸਾਰੇ ਵੱਡੇ ਪ੍ਰਾਜੈਕਟ ਲੀਹ ’ਤੇ ਹਨ। ਖ਼ਿੱਤੇ ’ਚ ਉਠਾਏ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਉਥੇ ਮਿਉਂਸਿਪਲ ਅਤੇ ਸ਼ਹਿਰੀ ਇਕਾਈਆਂ ਦੀਆਂ ਚੋਣਾਂ ਕਰਵਾਈਆਂ ਗਈਆਂ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਗਜ਼ਟਿਡ ਅਫ਼ਸਰਾਂ ਨੂੰ ਦੋ ਦਿਨ ਪਿੰਡਾਂ ਦਾ ਦੌਰਾ ਕਰਨ ਅਤੇ ਉਥੋਂ ਦੇ ਵਿਕਾਸ ਕਾਰਜਾਂ ਦੀ ਦੇਖਰੇਖ ਦੇ ਨਾਲ ਨਾਲ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੇ ਜਵਾਬ ਮਗਰੋਂ ਉਪਰਲੇ ਸਦਨ ’ਚ ਬਿੱਲ ਪਾਸ ਹੋ ਗਿਆ ਅਤੇ ਇਹ ਜਨਵਰੀ ’ਚ ਜਾਰੀ ਕੀਤੇ ਗਏ ਆਰਡੀਨੈਂਸ ਦੀ ਥਾਂ ਲਵੇਗਾ। ਇਸ ਦਾ ਉਦੇਸ਼ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਾਡਰ ਨਾਲ ਜੰਮੂ ਕਸ਼ਮੀਰ ਕਾਡਰ ਦੇ ਆਈਏਐੱਸ, ਆਈਪੀਐੱਸ ਅਤੇ ਆਈਐੱਫਐੱਸ ਦਾ ਰਲੇਵਾਂ ਕਰਨਾ ਹੈ। -ਪੀਟੀਆਈ