ਜੰਮੂ, 3 ਜੁਲਾਈ
ਅੱਜ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ‘ਮੋਸਟ ਵਾਂਟੇਡ’ ਕਮਾਂਡਰ ਸਮੇਤ ਭਾਰੀ ਹਥਿਆਰਾਂ ਨਾਲ ਲੈਸ ਲਸ਼ਕਰ-ਏ-ਤੋਇਬਾ (ਐੱਲਈਟੀ) ਦੇ ਦੋ ਅਤਿਵਾਦੀਆਂ ਨੂੰ ਪਿੰਡ ਵਾਸੀਆਂ ਨੇ ਫੜ ਲਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ। ਲਸ਼ਕਰ ਕਮਾਂਡਰ ਤਾਲਬਿ ਹੁਸੈਨ, ਰਾਜੌਰੀ ਜ਼ਿਲ੍ਹੇ ਦਾ ਵਸਨੀਕ ਅਤੇ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਹੋਏ ਆਈਈਡੀ ਧਮਾਕਿਆਂ ਦੇ ਮਾਸਟਰਮਾਈਂਡ ਅਤੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਤਿਵਾਦੀ ਫੈਜ਼ਲ ਅਹਿਮਦ ਡਾਰ ਨੂੰ ਤੁਕਸਾਨ ਪਿੰਡ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਦੋ ਏਕੇ 47, 7 ਗ੍ਰੇਨਡ ਤੇ ਇਕ ਪਿਸਤੌਲ ਬਰਾਮਦ ਕੀਤੇ ਗਏ ਹਨ। ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਬਹਾਦਰੀ ਲਈ ਦੋ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੌਰਾਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਪਿੰਡ ਵਾਸੀਆਂ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।