ਸ੍ਰੀਨਗਰ, 4 ਜਨਵਰੀ
ਇੱਥੇ ਬਰਫ਼ਬਾਰੀ ਕਾਰਨ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਤੇ ਮੁਗ਼ਲ ਰੋਡ ਬੰਦ ਹੋਣ ਕਾਰਨ ਕਸ਼ਮੀਰ ਦਾ ਸੰਪਰਕ ਬਾਕੀ ਮੁਲਕ ਨਾਲੋਂ ਕਟ ਗਿਆ। ਟਰੈਫਿਕ ਕੰਟਰੋਲ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ,‘ਕਈ ਥਾਵਾਂ ਅਤੇ ਖ਼ਾਸ ਕਰਕੇ ਜਵਾਹਰ ਸੁਰੰਗ ਨੇੜੇ ਬਰਫ਼ ਇਕੱਠੀ ਹੋਣ ਕਾਰਨ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਬੰਦ ਕਰ ਦਿੱਤਾ ਗਿਆ ਹੈ ਜਦਕਿ ਬਰਫ਼ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ।’ ਜਾਣਕਾਰੀ ਮੁਤਾਬਕ ਕੌਮੀ ਸ਼ਾਹਰਾਹ ’ਤੇ ਵੱਖ-ਵੱਖ ਥਾਵਾਂ ’ਤੇ ਲਗਪਗ 4500 ਟਰੱਕ ਫਸੇ ਹੋਏ ਹਨ।
ਇਸ ਦੌਰਾਨ ਅੱਜ ਜ਼ਿਆਦਾਤਰ ਥਾਵਾਂ ’ਤੇ ਘੱਟੋ-ਘੱਟ ਤਾਮਪਾਨ ’ਚ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਇਹ ਸਿਫ਼ਰ ਦਰਜੇ ਤੋਂ ਘੱਟ ਹੀ ਰਿਹਾ। ਸ੍ਰੀਨਗਰ ਸ਼ਹਿਰ ਵਿੱਚ ਤਾਪਮਾਨ 0.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਗੁਲਮਰਗ ਵਿੱਚ ਇਹ ਮਨਫ਼ੀ 5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ’ਚ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ। -ਪੀਟੀਆਈ
ਸ੍ਰੀਨਗਰ ਏਅਰਪੋਰਟ ’ਤੇ ਉਡਾਣਾਂ ਦੂਜੇ ਦਿਨ ਵੀ ਰੱਦ
ਸ੍ਰੀਨਗਰ: ਬਰਫ਼ਬਾਰੀ ਕਾਰਨ ਵੇਖਣ ਦੀ ਸਮਰੱਥਾ ਘੱਟ ਹੋਣ ਕਰਕੇ ਸ੍ਰੀਨਗਰ ਏਅਰਪੋਰਟ ’ਤੇ ਅੱਜ ਵੀ ਉਡਾਣਾਂ ਬੰਦ ਰਹੀਆਂ। ਇੱਕ ਅਧਿਕਾਰੀ ਨੇ ਦੱਸਿਆ ਕਿ ਰਨਵੇਅ ਤੋਂ ਬਰਫ਼ ਹਟਾਈ ਜਾ ਚੁੱਕੀ ਹੈ ਪਰ ਵੇਖਣਯੋਗ ਸਮਰੱਥਾ ਘੱਟ ਹੋਣ ਕਾਰਨ ਅੱਜ ਵੀ ਉਡਾਣਾਂ ਰੱਦ ਕਰਨੀਆਂ ਪਈਆਂ। ਉਨ੍ਹਾਂ ਕਿਹਾ ਕਿ ਭਲਕੇ ਵੇਖਣਯੋਗ ਸਮਰੱਥਾ ’ਚ ਸੁਧਾਰ ਤੇ ਮੌਸਮ ਠੀਕ ਹੋਣ ’ਤੇ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਣਗੀਆਂ। -ਪੀਟੀਆਈ